ਹੜ੍ਹ ਪੀੜਤ ਕਿਸਾਨਾਂ ਨੂੰ ਦਿੱਤਾ ਜਾਵੇਗਾ ਕਣਕ ਦਾ ਬੀਜ
ਪਾਤੜਾਂ, 20 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ 'ਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਚ ਹੋਈ। ਮੀਟਿੰਗ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਸਹਾਇਤਾ ਦੀ ਪ੍ਰਸੰਸਾ ਕਰਦਿਆਂ ਕਣਕ ਭੇਜਣ ਵਾਸਤੇ ਪਾਰਟੀ ਵਰਕਰਾਂ ਅਤੇ ਸਰਕਲ ਪ੍ਰਧਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਹਲਕਾ ਇੰਚਾਰਜ ਕਬੀਰ ਦਾਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਾਰਿਸ਼ਾਂ ਆਉਣ ਤੋਂ ਪਹਿਲਾਂ ਦਰਿਆਵਾਂ, ਨਦੀਆਂ, ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਤੇ ਉਨ੍ਹਾਂ ਦੇ ਬੰਨ੍ਹ ਮਜ਼ਬੂਤ ਨਹੀਂ ਕੀਤੇ ਜਿਸ ਕਰਕੇ ਪੰਜਾਬ ਨੂੰ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਸੀ। ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਦਾ ਸਾਥ ਦੇਣ ਦੀ ਬਜਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪਤਾਲ 'ਚ ਦਾਖਲ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪੀੜਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਗਦ ਰਾਸ਼ੀ, ਤਰਪਾਲਾਂ, ਬੰਨ੍ਹ ਬੰਨਣ ਲਈ ਡੀਜ਼ਲ, ਪਸ਼ੂਆਂ ਲਈ ਚਾਰਾ ਆਦਿ ਦੇ ਕੇ ਪੀੜਤਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਹਲਕਾ ਸ਼ੁਤਰਾਣਾ 'ਚ ਜ਼ਿਲ੍ਹਾ ਪਟਿਆਲਾ ਦੇ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਵੱਲੋਂ ਦਿਤੀ ਸਹਾਇਤਾ ਤੋਂ ਇਲਾਵਾ ਤਿੰਨ ਲੱਖ ਰੁਪਏ ਨਗਦ, 9000 ਲਿਟਰ ਡੀਜ਼ਲ ਦਿੱਤਾ ਗਿਆ ਹੈ। ਹੜ੍ਹ ਪੀੜਤਾਂ ਦੀ ਸਹਾਇਤਾ ਨੂੰ ਜਾਰੀ ਰੱਖਦਿਆਂ ਕਣਕ ਦਾ ਬੀਜ ਭੇਜਣ ਵਾਸਤੇ ਕਣਕ ਇਕੱਠੀ ਕਰਕੇ ਭੇਜੇ ਜਾਣ ਲਈ ਹਲਕਾ ਸੁਤਰਾਣਾ ਦੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਵਰਕਰਾਂ ਨੇ ਯਕੀਨ ਦਿਵਾਇਆ ਹੈ ਕਿ ਵੱਧ ਤੋਂ ਵੱਧ ਕਣਕ ਇਕੱਠੀ ਕਰਕੇ ਭੇਜੀ ਜਾਵੇਗੀ।