ਅਦਾਲਤੀਵਾਲਾ ਚੋਅ ਨੂੰ ਚੌੜਾ ਕਰਾਂਗੇ: ਇੰਦਰਜੀਤ ਸੰਧੂ
ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦਿਆਂ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਪਿੰਡ ਬ੍ਰਹਿਮਪੁਰ, ਅਦਾਲਤੀਵਾਲਾ ਅਤੇ ਹਾਜੀਪੁਰ ’ਚ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ. ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਆਖਿਆ ਕਿ ਪਿੰਡ ਬ੍ਰਹਮਪੁਰ ਪਾਣੀ ਦਾ ਕਾਫ਼ੀ ਵਹਾਅ ਹੈ ਜਿਸ ਵਾਸਤੇ ਪਹਿਲਾਂ ਤੋਂ ਚਾਰ ਪੁਲੀਆਂ ਬਣੀਆਂ ਹੋਈਆਂ ਹਨ ਜਦੋਂ ਕਿ ਅਦਾਲਤੀ ਵਾਲਾ ਦੀਆਂ ਦੋ ਪੁਲੀਆਂ ਵਿੱਚੋਂ ਸਿਰਫ਼ ਇੱਕ ਪੁਲੀ ਹੀ ਕਾਰਜਸ਼ੀਲ ਹੈ। ਉਨ੍ਹਾਂ ਨੇ ਅਦਾਲਤੀਵਾਲਾ ਚੋਅ ਦਾ ਵੀ ਨਿਰੀਖਣ ਕੀਤਾ ਅਤੇ ਇਲਾਕਾ ਵਾਸੀਆਂ ਨਾਲ ਵਾਰਤਾਲਾਪ ਕਰਨ ਤੋਂ ਬਾਅਦ ਮਹਿਸੂਸ ਕੀਤਾ ਕਿ ਅਦਾਲਤੀਵਾਲਾ ਚੋਏ ਦੀ ਕੁੱਲ ਚੌੜਾਈ 66 ਫੁੱਟ ਤੋਂ ਵੀ ਉੱਪਰ ਹੈ ਜਦੋਂ ਕਿ ਮੌਕੇ ਪਰ ਇਹ ਚੋਆ ਸਿਰਫ਼ 20-25 ਫੁੱਟ ਨਜ਼ਰ ਆ ਰਿਹਾ ਹੈ। ਇਸ ਚੋਏ ਦੀ ਬਣਦੀ ਚੌੜਾਈ ਅਤੇ ਸਫ਼ਾਈ ਕਰਾਉਣ ਦੀ ਲੋੜ ਹੈ ਜੋ ਜਲਦੀ ਭਵਿੱਖ ਵਿਚ ਕੀਤੀ ਜਾਵੇਗੀ। ਸੰਧੂ ਨੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਨਣ ਤੋਂ ਬਾਅਦ ਅਪੀਲ ਕੀਤੀ ਕਿ ਸਾਰੇ ਕਿਸਾਨ ਆਪਸ ਵਿੱਚ ਭਾਈਚਾਰਾ ਬਣਾਈ ਰੱਖਣ। ਇਸ ਮੌਕੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ਼ਾਨਵੀਰ ਸਿੰਘ ਬ੍ਰਹਮਪੁਰ, ‘ਆਪ’ ਆਗੂ ਕਾਕਾ ਬ੍ਰਹਮਪੁਰ, ਜੋਬਨਪ੍ਰੀਤ ਸਿੰਘ ਸੰਧੂ ਹਾਜੀਪੁਰ ਤੇ ਹੁਸ਼ਿਆਰ ਸਿੰਘ ਹਾਜ਼ਰ ਸਨ।