ਮੰਡੀਆਂ ’ਚ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦੇਵਾਂਗੇ: ਬੈਦਵਾਨ
ਆੜ੍ਹਤੀ ਅਸੋਸੀਏਸ਼ਨ ਨਾਭਾ ਦੇ ਪ੍ਰਧਾਨ ਕਰਮਜੀਤ ਸਿੰਘ ਅਲਹੋਰਾਂ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੁੱਚੀਆਂ ਅਨਾਜ ਮੰਡੀਆਂ ਦੇ ਆੜ੍ਹਤੀਆਂ ਦੀ ਮੀਟਿੰਗ ਸਥਾਨਕ ਰੋਟਰੀ ਕਲੱਬ ਵਿੱਚ ਹੋਈ। ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਆੜ੍ਹਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਆੜ੍ਹਤੀਆਂ ਦੇ ਹੱਕ ਦੀ ਗੱਲ ਕਰਦੇ ਹੋਏ ‘ਆੜ੍ਹਤ ਵਧਾਓ, ਈਪੀਐੱਫ ਹਟਾਓ ਅਤੇ ਆੜ੍ਹਤੀ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਪੰਜਾਬ ਸਰਕਾਰ ਵੱਲੋਂ ਆੜ੍ਹਤੀਆਂ ਦੀ ਆੜ੍ਹਤ ਮੁੜ 2.5 ਫੀਸਦੀ ਕਰਨ ਦੀ ਮੰਗ, ਈਪੀਐੱਫ ਦੀ ਕਟੌਤੀ ਹਟਾਉਣ ਦੀ ਮੰਗ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਜ਼ਿਲ੍ਹੇ ਦੇ ਸਮੂਹ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸੀਜ਼ਨ ਵਿਚ ਜ਼ਿਲ੍ਹੇ ਦੀ ਸਮੁੱਚੀਆਂ ਮੰਡੀਆਂ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ। ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਨਿਰੰਕਾਰੀ ਨੇ ਦੱਸਿਆ ਕਿ 2023-24 ਦੀ ਜੀਰੀ ਦੀ ਬਾਕਾਇਆ ਬਚਦੀ ਆੜ੍ਹਤ ਜੋ ਕਿ ਪੂਰੇ ਪੰਜਾਬ ਦੇ ਆੜ੍ਹਤੀਆਂ ਦੀ ਲਗਭਗ 9 ਕਰੋੜ ਰੁਪਏ ਬਣਦੀ ਸੀ, ਉਹ ਸਰਕਾਰ ਤੋਂ ਲੈਣ ਵਿੱਚ ਸਫ਼ਲ ਹੋਏ ਹਨ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸਤਵਿੰਦਰ ਸਿੰਘ ਸੈਣੀ, ਸੀਨੀਅਰ ਵਾਈਸ ਪ੍ਰਧਾਨ ਨਰਿੰਦਰ ਕੁਮਾਰ ਗਰਗ, ਸਕੱਤਰ ਗੁਰਦਰਸ਼ਨ ਸਿੰਘ, ਸਕੱਤਰ ਪ੍ਰਿਥੀਪਾਲ ਸਿੰਘ ਧਾਂਦੀਆਂ, ਸਹਾਇਕ ਸਕੱਤਰ ਪ੍ਰਦੀਪ ਕੁਮਾਰ ਸਿੰਗਲਾ, ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਚੇਅਰਮੈਨ ਪਵਨ ਸਿੰਗਲਾ ਤੇ ਵਾਈਸ ਚੇਅਰਮੈਨ ਸੁਰਿੰਦਰ ਗੁਪਤਾ ਆਦਿ ਹਾਜ਼ਰ ਸਨ।