ਇਸਰਹੇੜੀ-ਚੂਹਟ ਡਰੇਨ ਦਾ ਪਾਣੀ ਫ਼ਸਲਾਂ ’ਚ ਦਾਖ਼ਲ
ਸਬ-ਡਿਵੀਜ਼ਨ ਦੂਧਨਸਾਧਾਂ ਖੇਤਰ ਵਿੱਚੋਂ ਲੰਘਦੀ ਇਸਰਹੇੜੀ-ਚੂਹਟ-ਬ੍ਰਹਮਪੁਰ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਲੋਕਾਂ ਦੀਆਂ ਫ਼ਸਲਾਂ ਵਿੱਚ ਦਾਖ਼ਲ ਹੋ ਰਿਹਾ ਹੈ। ਡਰੇਨੇਜ ਵਿਭਾਗ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਹੈ। ਇਸ ਡਰੇਨ ਦੀ ਸਫ਼ਾਈ ਵਿਭਾਗ ਵੱਲੋਂ ਨਰੇਗਾ ਕਾਮਿਆਂ ਤੋਂ ਕਰਵਾਈ ਗਈ ਸੀ। ਨਰੇਗਾ ਕਾਮਿਆਂ ਤੋਂ ਡਰੇਨ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਹੋਈ। ਡਰੇਨ ਵਿੱਚ ਘਾਹ ਅਤੇ ਬੂਟੀ ਜ਼ਿਆਦਾ ਹੋਣ ਕਾਰਨ ਪਾਣੀ ਡਰੇਨ ਵਿਚੋਂ ਨਹੀਂ ਨਿਕਲ ਰਿਹਾ। ਫ਼ਸਲ ਡੁੱਬਣ ਦੇ ਡਰੋ ਪੁਲੀਆਂ ਅੱਗੇ ਫਸੀ ਬੂਟੀ ਨੂੰ ਵੀ ਕਿਸਾਨਾਂ ਵੱਲੋਂ ਆਪ ਮੁਹਾਰੇ ਕੱਢਿਆ ਜਾ ਰਿਹਾ ਹੈ ਤਾਂ ਕਿ ਪਾਣੀ ਦਾ ਨਿਕਾਸ ਹੋ ਸਕੇ। ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਛਵੀ ਨਿਕਾਸੀ ਨਾਲੇ ਦੀ ਅਜੇ ਤੱਕ ਸਫ਼ਾਈ ਨਹੀਂ ਕਰਵਾਈ ਗਈ ਅਤੇ ਇਥੇ ਪੁਲੀਆਂ ਵਿੱਚ ਫਸੀ ਬੂਟੀ ਨੂੰ ਕਿਸਾਨਾਂ ਵੱਲੋਂ ਤਿੰਨ ਚਾਰ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਕੱਢਿਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕ ਪੁਲੀਆਂ ਅੱਗੇ ਫਸੀ ਬੂਟੀ ਨੂੰ ਕੱਢਵਾਉਣ ਦੇ ਲਈ ਫੋਨ ਕਰਦੇ ਰਹੇ ਪਰ ਉੱਚ ਅਧਿਕਾਰੀਆਂ ਨੇ ਜੇਸੀਬੀ ਮਸ਼ੀਨ ਭੇਜੀ ਹੋਣ ਦਾ ਕਹਿ ਕੇ ਸਾਰ ਦਿੱਤਾ।