ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਾਂਗਰੀ ਨਦੀ ਓਵਰਫਲੋਅ ਹੋਣ ਕਾਰਨ ਖੇਤਾਂ ’ਚ ਪਾਣੀ ਦਾਖ਼ਲ

ਡਿਪਟੀ ਕਮਿਸ਼ਨਰ ਵੱਲੋਂ ਸਥਿਤੀ ਦਾ ਜਾਇਜ਼ਾ
ਟਾਂਗਰੀ ਨਦੀ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦੀ ਹੋਈ ਡੀਸੀ ਪ੍ਰੀਤੀ ਯਾਦਵ। -ਫੋਟੋ: ਰਾਜੇਸ਼ ਸੱਚਰ
Advertisement

ਜ਼ਿਲ੍ਹੇ ਵਿੱਚ ਘੱਗਰ, ਟਾਂਗਰੀ ਤੇ ਮਾਰਕੰਡਾ ਦੇ ਨਾਲ-ਨਾਲ ਡਰੇਨਾਂ ਵਿੱਚ ਵਧ ਰਹੇ ਪਾਣੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੇਵੀਗੜ੍ਹ ਖੇਤਰ ਵਿੱਚ ਟਾਂਗਰੀ ਨਦੀ ਓਵਰਫਲੋਅ ਹੋਣ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ’ਤੇ ਟੀਮਾਂ ਤਾਇਨਾਤ ਹਨ ਪਰ ਫਿਰ ਵੀ ਲੋਕ ਚੌਕਸ ਰਹਿਣ। ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਮੁੜ ਤੋਂ ਜ਼ਿਲ੍ਹੇ ਵਿੱਚ ਨਦੀਆਂ ਦੇ ਵਹਾਅ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੇਵੀਗੜ੍ਹ ਵਿੱਚ ਘੱਗਰ ਅਤੇ ਦੂਧਨਸਾਧਾਂ ਨੇੜੇ ਖਤੌਲੀ ਵਿੱਚ ਟਾਂਗਰੀ ਨਦੀ ਦੇ ਪਾਣੀ ਦੇ ਵਹਾਅ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਐੱਸਡੀਐੱਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਸਮੇਤ ਡਰੇਨੇਜ ਵਿਭਾਗ ਦੇ ਨਿਗਰਾਨ ਇੰਜਨੀਅਰ ਰਜਿੰਦਰ ਘਈ, ਕਾਰਜਕਾਰੀ ਇੰਜਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘੱਗਰ ਸਮੇਤ ਟਾਂਗਰੀ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਕਰਕੇ ਇਨ੍ਹਾਂ ਨਦੀਆਂ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਹੈ ਅਤੇ ਕਈ ਪਿੰਡਾਂ ਵਿੱਚ ਪਾਣੀ ਉਛਲਕੇ ਖੇਤਾਂ ਵਿੱਚ ਵੀ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਅਤੇ ਸਮੁੱਚੀ ਮਸ਼ੀਨਰੀ ਗਰਾਊਂਡ ਜ਼ੀਰੋ ’ਤੇ ਫੀਲਡ ਵਿੱਚ ਕੰਮ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਦੀ ਵੱਡੀ ਨਦੀ ਜਾਂ ਛੋਟੀ ਨਦੀ ਵਿੱਚ ਪਾਣੀ ਨਹੀਂ ਆਇਆ ਹੈ ਅਤੇ ਨਾ ਹੀ ਫਿਲਹਾਲ ਕੋਈ ਪਾਣੀ ਆਉਣ ਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਹੈ। ਇਸ ਲਈ ਸ਼ਹਿਰ ਵਾਸੀ ਨਾ ਘਬਰਾਉਣ। ਜੇਕਰ ਲੋੜ ਪਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ ਨੰਬਰ 0175-2350550 ਅਤੇ 2358550 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਜੋ ਕਿ 24 ਘੰਟੇ ਕਾਰਜਸ਼ੀਲ ਹਨ ਤਾਂ ਜੋ ਪਾਣੀ ਦੀ ਨਿਕਾਸੀ ਸਬੰਧੀ ਕਿਸੇ ਵੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਸੁਚੇਤ ਵੀ ਕੀਤਾ ਕਿ ਕਿਸੇ ਵੀ ਤਰ੍ਹਾਂ ਦੀਆਂ ਹੜ੍ਹ ਦੀਆਂ ਅਫ਼ਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਅਜਿਹੀਆਂ ਕਿਸੇ ਗ਼ਲਤ ਖ਼ਬਰਾਂ ਜਾਂ ਸੂਚਨਾਵਾਂ ਉਪਰ ਭਰੋਸਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਾਰੀ ਮੀਂਹ ਕਰਕੇ ਤੇ ਘੱਗਰ, ਟਾਂਗਰੀ ਤੇ ਮਾਰਕੰਡਾ ਆਦਿ ਦੇ ਕੰਢਿਆਂ ਨੇੜੇ ਨਾ ਜਾਣ ਦੀ ਸਲਾਹ ਵੀ ਦਿੱਤੀ।

ਸਮਾਣਾ ਵਿੱਚ ਕਿਸਾਨਾਂ ਨੂੰ ਹੜ੍ਹ ਦਾ ਖ਼ਦਸ਼ਾ

Advertisement

ਸਮਾਣਾ (ਸੁਭਾਸ਼ ਚੰਦਰ): ਹਲਕੇ ਦੇ ਪਿੰਡ ਸੱਸੀ ਬ੍ਰਾਹਮਣਾਂ ਨੇੜੇ ਟਾਂਗਰੀ ਨਦੀ ਅਤੇ ਮਾਰਕੰਡੇ ਦਾ ਪਾਣੀ ਘੱਗਰ ਦਰਿਆ ਵਿੱਚ ਮਿਲਣ ਕਾਰਨ ਵਧੇ ਪਾਣੀ ਨੇ ਪਿੰਡਾਂ ਰਤਨਹੇੜੀ, ਮਰੋੜੀ, ਮਰਦਾਹੇੜੀ ਅਤੇ ਸੱਪਰਹੇੜੀ ਛੰਨਾ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰ ਤੋਂ ਹੀ ਘੱਗਰ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਰਕੇ ਹੜ੍ਹਾਂ ਦਾ ਪਾਣੀ ਕਈ ਨੀਵੇਂ ਖੇਤਾਂ ਵਿੱਚ ਵੀ ਭਰ ਗਿਆ ਹੈ। ਜੇਕਰ ਮੀਹ ਇਸੇ ਰਫਤਾਰ ਨਾਲ ਹੋਰ ਕਈ ਦਿਨ ਪੈਂਦਾ ਰਿਹਾ ਤਾਂ 2023 ਵਾਲੇ ਹਾਲਾਤ ਹੋ ਸਕਦੇ ਹਨ। ਐੱਸਡੀਐੱਮ ਰੀਚਾ ਗੋਇਲ ਨੇ ਪੂਰੀ ਟੀਮ ਨਾਲ ਕਮਜ਼ੋਰ ਸਥਾਨਾ ਰਤਨਹੇੜੀ, ਮਰੋੜੀ ਤੇ ਮਰਦਾਹੇੜੀ ਪੁਲ ’ਤੇ ਜਾ ਕੇ ਘੱਗਰ ਦਰਿਆ ਵਿੱਚ ਚੱਲ ਰਹੇ ਪਾਣੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਿੱਛੇ ਪਾਣੀ ਦਾ ਪੱਧਰ ਘੱਟ ਗਿਆ ਹੈ ਤੇ ਟਾਂਗਰੀ ਨਦੀ ਦਾ ਪਾਣੀ ਵਧਣ ਕਾਰਨ ਘੱਗਰ ਵਿੱਚ ਪਾਣੀ ਵਹਾਅ ਵਧਿਆ ਹੈ ਉਹ ਜਲਦੀ ਘੱਟ ਹੋ ਜਾਵੇਗਾ।

ਪੰਜਾਬ ਲਈ ਵਿਸ਼ੇਸ਼ ਪੈਕੇਜ ਜਾਰੀ ਕਰੇ ਕੇਂਦਰ: ਬਹਿਰੂ

ਦੇਵੀਗੜ੍ਹ (ਪੱਤਰ ਪ੍ਰੇਰਕ): ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਮੰਗ ਕੀਤੀ ਕੇਂਦਰ ਸਰਕਾਰ ਪੰਜਾਬ ਲਈ ਪੰਜ ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰੇ ਤਾਂ ਜੋ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਇੱਕ ਆਵਾਜ਼ ਬਣਾਕੇ ਕੇਂਦਰ ਅਤੇ ਰਾਜ ਸਰਕਾਰ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਨੁਕਸਾਨ ਦੀ ਸੌ ਫੀਸਦ ਭਰਪਾਈ ਕੀਤੀ ਜਾਵੇ। ਬਹਿਰੂ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਕਿਸਾਨਾਂ ਦੀ ਮੰਗ ’ਤੇ ਕੇਂਦਰ ਸਰਕਾਰ ਨੇ ਫ਼ਸਲੀ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਉਹ ਵੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਕੇ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਲਈ ਪੰਜ ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰੇ ਤਾਂ ਜੋ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।

Advertisement
Show comments