ਪਰਾਲੀ ਤੋਂ ਗੰਢਾਂ ਬਣਾਉਣੀਆਂ ਬੰਦ ਕਰਨ ਦੀ ਚਿਤਾਵਨੀ
ਬੇਲਰ ਐਸੋਸੀਏਸ਼ਨ ਪਟਿਆਲਾ ਨੇ ਐਲਾਨ ਕੀਤਾ ਕਿ ਇਸ ਵਾਰ ਝੋਨੇ ਦੇ ਆਉਂਦੇ ਸੀਜ਼ਨ ਵਿੱਚ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਢਾਂ ਬਣਾਉਣ ਦਾ ਭਾਅ 198 ਰੁਪਏ ਪ੍ਰਤੀ ਕੁਇੰਟਲ ਤੈਅ ਨਾ ਕੀਤਾ ਤਾਂ ਬੇਲਰ ਮਾਲਕ ਪਰਾਲੀ ਤੋਂ ਗੰਢਾਂ ਬਣਾਉਣ ਦੇ ਕੰਮ ਦਾ ਪੂਰਨ ਬਾਈਕਾਟ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੇਲਰ ਐਸੋਸੀਏਸ਼ਨ ਪੰਜਾਬ ਦੇ ਵਰਕਿੰਗ ਕਮੇਟੀ ਮੈਂਬਰ ਜੋਗਾ ਸਿੰਘ ਚਪੜ, ਜ਼ਿਲ੍ਹਾ ਪਟਿਆਲਾ ਪ੍ਰਧਾਨ ਹਰਜੀਤ ਸਿੰਘ ਲੱਖੋਮਾਜਰਾ, ਹਰਮਿੰਦਰ ਸਿੰਘ ਜੋਗੀਪੁਰ ਤੇ ਹੋਰ ਸਾਥੀਆਂ ਨੇ ਕਿਹਾ ਕਿ ਇਸ ਵੇਲੇ ਪਰਾਲੀ ਦੀ ਵਰਤੋਂ ਸੀਐੱਨਜੀ, ਬਿਜਲੀ, ਈਥਾਨੋਲ, ਬਾਇਕੋਲ, ਸੁੱਕਾ ਕੋਲਾ ਤੇ ਬਾਇਓ ਡੀਜ਼ਲ ਆਦਿ ਚੀਜ਼ਾਂ ਬਣਾਉਣ ਵਾਸਤੇ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਗੰਢਾ ਬਣਾ ਕੇ ਡੰਪ ਤੱਕ ਪਹੁੰਚਾਉਣ ਦਾ ਭਾਅ 185 ਰੁਪਏ ਪ੍ਰਤੀ ਕੁਇੰਟਲ ਸੀ ਜੋ 2023 ਵਿੱਚ ਘੱਟ ਕੇ 178 ਅਤੇ 2024 ਵਿੱਚ ਹੋਰ ਘੱਟ ਕੇ 165 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਉਲਟਾ ਬੇਲਰ ਮਸ਼ੀਨ ਮਾਲਕਾਂ ਦਾ ਖਰਚਾ ਵਧ ਗਿਆ, ਜਿਸ ਵਿੱਚ ਬੇਲਰ 30 ਰੁਪਏ, ਧਾਗਾ 16 ਰੁਪਏ, ਡਰਾਈਵਰ ਖ਼ਰਚ 14 ਰੁਪਏ, ਡੀਜ਼ਲ ਖਰਚਾ 40 ਰੁਪਏ, ਟਰੈਕਟਰ ਕਿਰਾਇਆ 18 ਰੁਪਏ, ਰਿਪੇਅਰ ਖਰਚਾ 12 ਰੁਪਏ, ਵੈਲਿਊ ਲੋਸ 17 ਰੁਪਏ ਅਤੇ ਫੁਟਕਲ ਖ਼ਰਚੇ 5 ਰੁਪਏ ਪ੍ਰਤੀ ਕੁਇੰਟਲ ਮਿਲਾ ਕੇ ਕੁੱਲ ਖਰਚਾ 152 ਰੁਪਏ ਪ੍ਰਤੀ ਕੁਇੰਟਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਰੇਟ 165 ਰੁਪਏ ਹੋਇਆ ਤਾਂ ਬੇਲਰ ਮਾਲਕਾਂ ਨੂੰ 40-40 ਲੱਖ ਰੁਪਏ ਮਸ਼ੀਨਰੀ ’ਤੇ ਲਾਉਣ ਦੇ ਬਾਵਜੂਦ ਸਿਰਫ਼ 13 ਰੁਪਏ ਪ੍ਰਤੀ ਕੁਇੰਟਲ ਬਚਣਗੇ ਜੋ ਬੇਹੱਦ ਘਾਟੇ ਵਾਲਾ ਸੌਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਬਾਹਰੋਂ ਆ ਕੇ ਬੇਲਰ ਮਾਲਕ ਕੰਮ ਕਰਦੇ ਹਨ ਤਾਂ ਉਹ ਵੀ ਐਸੋਸੀਏਸ਼ਨ ਨਾਲ ਤਾਲਮੇਲ ਕਰਨਗੇ ਅਤੇ 198 ਰੁਪਏ ਤੋਂ ਘੱਟ ਰੇਟ ’ਤੇ ਕੰਮ ਨਹੀਂ ਕਰਨਗੇ। ਇਸ ਮੌਕੇ ਜਗਤਾਰ ਸਿੰਘ ਲੰਮਦੀਪੁਰ, ਤਰਨਜੀਤ ਸਿੰਘ ਜੋਗੀਪੁਰ, ਮਾਹਲ ਸਿੰਘ ਪਨੌਦੀਆਂ, ਕੁਲਵੀਰ ਸਿੰਘ ਕਤਲਾਹਰ, ਜਗਵਿੰਦਰ ਸਿੰਘ ਸਮਾਣਾ, ਬਲਜਿੰਦਰ ਸਿੰਘ ਸੇਹਰਾ, ਜਗਵੀਰ ਸਿੰਘ ਜੋਗੀਪੁਰ, ਰਵਿੰਦਰ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਬੌੜਾ ਅਤੇ ਗੁਰਦਰਸ਼ਨ ਸਿੰਘ ਕਾਦਰਾਬਾਦ ਵੀ ਹਾਜ਼ਰ ਸਨ।