ਪੁਲਾਂ ਦੇ ਨਿਰਮਾਣ ਕਾਰਨ ਸ਼ਹਿਰ ਵਿੱਚ ਵਾਹਨਾਂ ਦਾ ਘੜਮੱਸ
ਸਰਹਿੰਦ ਬਾਈਪਾਸ ’ਤੇ ਦੋ ਪੁਲਾਂ ਦੇ ਨਿਰਮਾਣ ਕਾਰਨ ਸ਼ਹਿਰ ਵਿੱਚ ਜਾਮ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੋ ਰਹੀ ਹੈ। ਦਿਨ ਚੜ੍ਹਦੇ ਹੀ ਸੜਕਾਂ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਇਹ ਸਿਲਸਿਲਾ ਸ਼ਾਮ ਤੱਕ ਜਾਰੀ ਰਹਿੰਦਾ ਹੈ।
ਜਾਮ ਕਾਰਨ ਲੋਕਾਂ ਨੂੰ ਦਫ਼ਤਰਾਂ, ਸਕੂਲਾਂ ਤੇ ਹੋਰ ਜ਼ਰੂਰੀ ਕੰਮਾਂ ’ਤੇ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਾਮ ਢਲਦੇ ਹੀ ਸ਼ਹਿਰ ਦੇ ਮੁੱਖ ਚੌਕਾਂ ਗਗਨ ਚੌਕ, ਸਰਹਿੰਦ-ਬਾਈਪਾਸ ਚੌਕ, ਪੁਰਾਣਾ ਅੰਡਰ ਬ੍ਰਿਜ ਚੌਕ ਅਤੇ ਨਵਾਂ ਅੰਡਰ ਪਾਸ, ਫੁਆਰਾ ਚੌਕ ਅਤੇ ਟਾਹਲੀ ਵਾਲਾ ਚੌਕ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ ਤੇ ਲੋਕ ਕਾਫੀ ਸਮਾਂ ਜਾਮ ਵਿੱਚ ਫਸੇ ਰਹਿੰਦੇ ਹਨ। ਜਾਮ ਕਾਰਨ ਕਈ ਵਾਰ ਐਂਬੂਲੈਂਸਾਂ ਅਤੇ ਸਕੂਲ ਬੱਸਾਂ ਨੂੰ ਵੀ ਫਸਣਾ ਪੈਂਦਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰੈਫ਼ਿਕ ਪੁਲੀਸ ਵੱਲੋਂ ਯਾਤਰਾ ਪ੍ਰਬੰਧ ਸੁਚਾਰੂ ਬਣਾਉਣ ਲਈ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ’ਤੇ ਵਾਧੂ ਟਰੈਫ਼ਿਕ ਪੁਲੀਸ ਤਾਇਨਾਤ ਕੀਤੀ ਜਾਵੇ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਦੀ ਚੌੜਾਈ ਵਧਾਈ ਜਾਵੇ। ਰਾਜਪੁਰਾ-ਸਰਹਿੰਦ ਬਾਈਪਾਸ ’ਤੇ ਇਕ ਪਾਸੇ ਆਵਾਜਾਈ ਬੰਦ ਹੋਣ ਕਾਰਨ ਰਾਜਪੁਰਾ ਦੀ ਹਰੇਕ ਸੜਕ ’ਤੇ ਜਾਮ ਹੀ ਨਜ਼ਰ ਆਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਆਉਣ ਵਾਲੇ ਦਿਨਾਂ ’ਚ ਟਰੈਫ਼ਿਕ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੁਲਾਂ ਦਾ ਕੰਮ ਛੇਤੀ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਾਮ ਤੋਂ ਰਾਹਤ ਮਿਲ ਸਕੇ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਮੁੱਖ ਮਾਰਗਾਂ ਦੀ ਹਾਲਤ ਵੀ ਖ਼ਸਤਾ ਹੈ। ਇਸ ਸਬੰਧੀ ਗੱਲ ਕਰਨ ’ਤੇ ਟਰੈਫ਼ਿਕ ਪੁਲੀਸ ਦੇ ਇੰਚਾਰਜ ਗੁਰਬਚਨ ਸਿੰਘ ਨੇ ਕਿਹਾ ਕਿ ਸਰਹਿੰਦ ਬਾਈਪਾਸ ’ਤੇ ਦੋ ਪੁਲ ਬਣ ਰਹੇ ਹਨ ਜਿਸ ਕਾਰਨ ਪਟਿਆਲਾ ਅਤੇ ਬਠਿੰਡਾ ਤੋਂ ਆਉਣ ਵਾਲੀ ਟਰੈਫ਼ਿਕ ਬਾਈਪਾਸ ਤੋਂ ਲੰਘਣ ਦੀ ਬਜਾਏ ਸ਼ਹਿਰ ਵਿਚੋਂ ਹੋ ਕੇ ਲੰਘ ਰਹੀ ਹੈ ਜਿਸ ਕਾਰਨ ਜਾਮ ਦੀ ਸਥਿਤੀ ਬਣ ਜਾਂਦੀ ਹੈ।
