ਅਰਬਨ ਅਸਟੇਟ ਦਾ ਇਲੀਟ ਕਲੱਬ ਵਿਵਾਦਾਂ ’ਚ ਘਿਰਿਆ
ਮਹਾਰਾਣੀ ਕਲੱਬ ਪਟਿਆਲਾ ਦੀ ਤਰਜ਼ ’ਤੇ ਬਣਿਆ ਅਰਬਨ ਅਸਟੇਟ ਦਾ ਇਲੀਟ ਕਲੱਬ ਅੱਜ ਕੱਲ੍ਹ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਵਿਵਾਦ ਏਨਾ ਵਧ ਗਿਆ ਹੈ ਕਿ ਉਸ ਨੂੰ ਪੁੱਡਾ ਦੀ ਅਥਾਰਿਟੀ ਨੇ ਸੀਲ ਕਰ ਕੇ ਤਾਲੇ ਲਗਾ ਦਿੱਤੇ ਹਨ। ਪੁੱਡਾ ਅਥਾਰਿਟੀ ਦਾ ਦੋਸ਼ ਹੈ ਕਿ ਇਸ ਕਲੱਬ ਨੂੰ ਬਗ਼ੈਰ ਚੋਣਾਂ ਤੋਂ ਚਲਾਉਣ ਵਾਲਿਆਂ ਨੇ ਕਥਿਤ ਵੱਡਾ ਘਪਲਾ ਕੀਤਾ ਹੈ, ਜਦ ਕਿ ਕਲੱਬ ਮੈਂਬਰਾਂ ਦੇ ਆਗੂ ਪੁੱਡਾ ਦੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਆਖ ਰਹੇ ਹਨ। ਜਾਣਕਾਰੀ ਅਨੁਸਾਰ ਇਲੀਟ ਕਲੱਬ ਪਟਿਆਲਾ ਦੇ 550 ਤੋਂ ਵੱਧ ਮੈਂਬਰ ਹਨ। ਹਰ ਇਕ ਮੈਂਬਰ ਤੋਂ 18 ਹਜ਼ਾਰ ਰੁਪਏ ਬਤੌਰ ਮੈਂਬਰਸ਼ਿਪ ਲਏ ਗਏ ਸਨ, ਜਦ ਕਿ ਬਾਹਰਲੇ ਮੈਂਬਰਾਂ ਤੋਂ 25 ਹਜ਼ਾਰ ਰੁਪਏ ਮੈਂਬਰਸ਼ਿਪ ਫ਼ੀਸ ਲਈ ਗਈ ਸੀ। ਇਸ ਤੋਂ ਇਲਾਵਾ 250 ਰੁਪਏ ਫ਼ੀਸ 6 ਮਹੀਨੇ ਦੀ ਵਸੂਲੀ ਜਾਂਦੀ ਸੀ। ਕਰੋਨਾ ਤੋਂ ਬਾਅਦ ਇਸ ਕਲੱਬ ਦਾ ਬਹੁਤਾ ਧਿਆਨ ਨਹੀਂ ਰੱਖਿਆ ਗਿਆ। ਸਾਬਕਾ ਆਈ ਏ ਐੱਸ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਹੈ ਕਿ ਪੁੱਡਾ ਦੇ ਅਧਿਕਾਰੀ ਜਬਰੀ ਇਹ ਕਲੱਬ ਬੰਦ ਰੱਖ ਰਹੇ ਹਨ, ਜਦੋਂਕਿ ਇੱਥੇ ਦੇ ਮੈਂਬਰਾਂ ਦੀ ਇਕੱਠੀ ਹੋਈ ਮੈਂਬਰਸ਼ਿਪ ਵੀ ਕੁੱਲ 92 ਤੋਂ ਵੱਧ ਬੈਂਕ ਵਿੱਚ ਪਈ ਹੈ ਜਿਸ ਦਾ ਵਿਆਜ ਵੀ ਲਗਾਤਾਰ ਲੱਗ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਇੱਥੇ ਵੱਡਾ ਸਮਾਗਮ ਕਰਦਾ ਸੀ ਤਾਂ ਉਸ ਤੋਂ 15000 ਰੁਪਏ ਫ਼ੀਸ ਲਈ ਜਾਂਦੀ ਸੀ। ਡਾ. ਹਰਜਿੰਦਰ ਸਿੰਘ ਰੋਜ਼ ਨੇ ਕਿਹਾ ਕਿ ਇਹ ਕਲੱਬ ਖੋਲ੍ਹਣਾ ਚਾਹੀਦਾ ਹੈ। ਪਹਿਲਾਂ ਤਾਂ ਸੀਲ ਹੀ ਲਗਾ ਦਿੱਤੀ ਗਈ ਸੀ, ਪੁੱਡਾ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਇੱਥੇ ਘਪਲਾ ਹੋਇਆ ਹੈ।
ਮੈਂਬਰਾਂ ਲਈ ਛੇਤੀ ਖੋਲ੍ਹਿਆ ਜਾਵੇਗਾ ਕਲੱਬ: ਅਧਿਕਾਰੀ
Advertisementਕਲੱਬ ਦੀ ਪ੍ਰਧਾਨ ਤੇ ਪੁੱਡਾ ਦੀ ਐਡੀਸ਼ਨਲ ਚੀਫ਼ ਐਡਮਿਨਸਟ੍ਰੇਟ (ਏ ਸੀ ਏ) ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਇਸ ਕਲੱਬ ਦੀ ਚੋਣ ਨਹੀਂ ਹੋਈ। ਕੋਈ ਲੌਗਬੁੱਕ ਨਾ ਹੋਣ ਕਾਰਨ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ। ਹੁਣ ਕਮੇਟੀ ਬਣਾ ਦਿੱਤੀ ਹੈ ਜਿਸ ਨੇ ਕਲੱਬ ਦੀ ਪਹਿਲਾਂ ਹੋਈ ਕਾਰਵਾਈ ਬਾਰੇ ਜਾਂਚ ਕਰਨੀ ਹੈ ਅਤੇ ਉਸ ਕਮੇਟੀ ਵੱਲੋਂ ਚੋਣਾਂ ਕਰਵਾ ਕੇ ਛੇਤੀ ਹੀ ਇਲੀਟ ਕਲੱਬ ਮੈਂਬਰਾਂ ਲਈ ਖੋਲ੍ਹਿਆ ਜਾਵੇਗਾ।
ਮਨਮੋਹਨ ਅਰੋੜਾ ਨੂੰ ਭੇਜਿਆ ਨੋਟਿਸ
ਕਲੱਬ ਦੀ ਪਹਿਲਾਂ ਚੱਲੀ ਕਾਰਵਾਈ ਬਾਰੇ ਜੁਆਇੰਟ ਸਕੱਤਰ ਰਹੇ ਮਨਮੋਹਨ ਅਰੋੜਾ ਨੂੰ ਪੁੱਡਾ ਦੇ ਏ ਸੀ ਏ ਵੱਲੋਂ ਨੋਟਿਸ ਭੇਜਿਆ ਗਿਆ ਹੈ ਜਿਸ ਦਾ ਜਵਾਬ ਦਿੰਦਿਆਂ ਅਰੋੜਾ ਨੇ ਕਿਹਾ ਹੈ ਕਿ ਨਾ ਤਾਂ ਉਹ ਪ੍ਰਧਾਨ ਹੈ ਨਾ ਹੀ ਉਹ ਜਨਰਲ ਸਕੱਤਰ ਹੈ, ਨਾ ਹੀ ਉਸ ਕੋਲ ਰੁਪਏ ਕਢਾਉਣ ਦੀ ਤਾਕਤ ਹੈ, ਫਿਰ ਉਸ ਨੂੰ ਨੋਟਿਸ ਕੱਢਣਾ ਕਿਸ ਲਈ ਵਾਜਬ ਹੈ।