ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀ ਐੱਸ ਪੀ ਦਫ਼ਤਰ ਅੱਗੇ ਧਰਨਾ

ਸੰਯੁਕਤ ਕਿਸਾਨ ਮੋਰਚਾ ਬਲਾਕ ਪਾਤੜਾਂ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਅੱਜ ਦਿੱਲੀ-ਸੰਗਰੂਰ ਕੌਮੀ ਮਾਰਗ ਦੇ ਸਰਵਿਸ ਰੋਡ ’ਤੇ ਡੀ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ’ਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੰਕੜੇ ਵਧਾਉਣ ਲਈ...
ਡੀ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਸੰਯੁਕਤ ਕਿਸਾਨ ਮੋਰਚਾ ਬਲਾਕ ਪਾਤੜਾਂ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਅੱਜ ਦਿੱਲੀ-ਸੰਗਰੂਰ ਕੌਮੀ ਮਾਰਗ ਦੇ ਸਰਵਿਸ ਰੋਡ ’ਤੇ ਡੀ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ’ਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੰਕੜੇ ਵਧਾਉਣ ਲਈ ਨਸ਼ਾ ਤਸਕਰੀ ਦੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਾਏ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਰਾਮਚੰਦ ਚੁਨਾਗਰਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਦੀ ਆੜ ਵਿੱਚ ਝੂਠ ਦਾ ਵਪਾਰ ਕਰ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਕਦਮ ਸਿਰਫ ਐੱਨ ਡੀ ਪੀ ਐੱਸ ਐਕਟ ਦੇ ਹਜ਼ਾਰਾਂ ਕੇਸ ਦਰਜ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਲਈ ਚੁੱਕਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਸਰਕਾਰ ਨੇ ਨਸ਼ਿਆਂ ਵਿਰੁੱਧ ਬਹੁਤ ਕੰਮ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਬਲਾਕ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਦੁਤਾਲ, ਹਾਮਝੇੜ੍ਹੀ, ਨਿਆਲ, ਕਕਰਾਲਾ, ਅਤੇ ਹੋਰਨਾਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਉਹ ਵਿਅਕਤੀ, ਜੋ ਨਾ ਨਸ਼ਾ ਵੇਚਦੇ ਹਨ ਅਤੇ ਨਾ ਹੀ ਨਸ਼ੇ ਦੇ ਆਦੀ ਹਨ ਜਿਨ੍ਹਾਂ ਦੇ ਡੋਪ ਟੈਸਟ ਵੀ ਨੈਗੇਟਿਵ ਆਏ ਹਨ, ਉਨ੍ਹਾਂ ਨੂੰ ਨਸ਼ਾ ਵਿਰੋਧੀ ਐਕਟ ਦੇ ਕੇਸਾਂ ਵਿੱਚ ਫਸਾਉਣ ਲਈ ਘਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲੀਸ ਦੀ ਇਸ ਕਾਰਵਾਈ ਨੂੰ ਸਰਕਾਰ ਦੇ ਇਸ਼ਾਰੇ ’ਤੇ ਪੁਲੀਸ ਦੀ ਧੱਕੇਸ਼ਾਹੀ ਅਤੇ ਕਾਨੂੰਨ ਵਿਵਸਥਾ ਦੀ ਕਮਜ਼ੋਰੀ ਦੱਸਿਆ ਜਿਸ ਨਾਲ ਲੋਕਾਂ ਵਿੱਚ ਪੁਲੀਸ ਅਤੇ ਸਰਕਾਰ ਦਾ ਅਕਸ ਹੋਰ ਵਿਗੜੇਗਾ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦਾ ਵਪਾਰ ਕਰਨ ਵਾਲੇ ਵੱਡੇ ਮਗਰਮੱਛਾਂ ਦੇ ਹੱਕ ਵਿੱਚ ਬਿਲਕੁਲ ਨਹੀਂ, ਸਗੋਂ ਚਾਹੁੰਦੇ ਹਨ ਕਿ ਪੁਲੀਸ ਨਿਰਪੱਖਤਾ ਨਾਲ ਕੰਮ ਕਰੇ ਅਤੇ ਅਸਲ ਨਸ਼ਾ ਸੌਦਾਗਰਾਂ ’ਤੇ ਨਕੇਲ ਕੱਸੇ ਪਰ ਜੇ ਕਿਸੇ ਬੇਕਸੂਰ ’ਤੇ ਝੂਠੇ ਕੇਸ ਦਰਜ ਕੀਤੇ ਗਏ ਤਾਂ ਸੰਯੁਕਤ ਕਿਸਾਨ ਮੋਰਚਾ ਡਟ ਕੇ ਵਿਰੋਧ ਕਰੇਗਾ। ਕਿਸਾਨ ਜਥੇਬੰਦੀਆਂ ਨੇ ਧਰਨੇ ਦੀ ਸਮਾਪਤੀ ਸਮੇਂ ਮਤਾ ਪਾਸ ਕੀਤਾ ਕਿ ਕੱਲ੍ਹ ਡੀ ਸੀ ਪਟਿਆਲਾ ਦਫ਼ਤਰ ਅੱਗੇ ਧਰਨੇ ਤੋਂ ਬਾਅਦ ਵਫ਼ਦ ਐੱਸ ਐੱਸ ਪੀ ਨੂੰ ਮਿਲੇਗਾ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਨਿਰਦੋਸ਼ ’ਤੇ ਅਜਿਹੀ ਕੋਈ ਕਾਰਵਾਈ ਨਾ ਹੋਵੇ। ਧਰਨੇ ਵਿੱਚ ਹੋਰਨਾਂ ਕਿਸਾਨ ਆਗੂਆਂ ਤੋਂ ਇਲਾਵਾ, ਰਘਵੀਰ ਸਿੰਘ ਨਿਆਲ, ਹਰਭਜਨ ਸਿੰਘ ਧੂਹੜ, ਅਵਤਾਰ ਸਿੰਘ ਬੁਰੜ, ਸੁਖਦੇਵ ਸਿੰਘ ਹਰਿਆਊ, ਸਾਹਿਬ ਸਿੰਘ ਦੁਤਾਲ, ਡਾਕਟਰ ਮਹਿੰਦਰ ਸਿੰਘ ਖਾਂਗ, ਬੱਲਮ ਸਿੰਘ ਨਿਆਲ, ਗੁਰਜੰਟ ਸਿੰਘ ਦੇਧਨਾ, ਤੇਜਾ ਸਿੰਘ ਅਤੇ ਅਮਰਜੀਤ ਸਿੰਘ ਦੁਗਾਲ ਆਦਿ ਹਾਜ਼ਰ ਸਨ।

Advertisement
Advertisement
Show comments