ਕੇਂਦਰੀ ਮੰਤਰੀ ਵੱਲੋਂ ਘੱਗਰ ਦੇ ਬੰਨ੍ਹਾਂ ਦਾ ਜਾਇਜ਼ਾ
ਕੇਂਦਰੀ ਰਾਜ ਮੰਤਰੀ ਸ੍ਰੀਪਦ ਯੈਸੋ ਨਾਇਕ, ਭਾਜਪਾ ਆਗੂ ਪ੍ਰਨੀਤ ਕੌਰ ਤੇ ਜੈ ਇੰਦਰ ਕੌਰ ਨੇ ਹਲਕਾ ਸ਼ੁਤਰਾਣਾ ਦੇ ਝੰਬੋ ਚੋਅ, ਸ਼ੁਤਰਾਣਾ ਤੇ ਹਰਚੰਦਪੁਰਾ ਵਿੱਚ ਘੱਗਰ ਦੇ ਕਿਨਾਰਿਆਂ ਦਾ ਜਾਇਜ਼ਾ ਲਿਆ। ਇਲਾਕੇ ਦੇ ਕਿਸਾਨਾਂ ਨੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਘੱਗਰ ਦੇ ਸਥਾਈ ਹੱਲ ਲਈ ਮੰਗ ਪੱਤਰ ਦਿੱਤਾ। ਕਿਸਾਨਾਂ ਨੇ ਕੇਂਦਰੀ ਰਾਜ ਮੰਤਰੀ ਨੂੰ ਮੰਗ ਪੱਤਰ ਦੇਣ ਉਪਰੰਤ ਦੱਸਿਆ ਘੱਗਰ ਵਿੱਚ ਟਾਂਗਰੀ, ਮਾਰਕੰਡਾ, ਪਟਿਆਲਾ ਨਦੀ, ਸਰਹੰਦ ਚੋਅ, ਪੱਚੀ ਦਰਾ ਆਦਿ ਤੋਂ ਇਲਾਵਾ ਦਰਜਨਾਂ ਨਦੀ ਨਾਲੇ ਪੈਂਦੇ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਕਿਊਸਕ ਪਾਣੀ ਦੀ ਆਮਦ ਹੁੰਦੀ ਹੈ। ਹੜ੍ਹ ਨਾਲ ਫਸਲਾਂ ਦੇ ਖ਼ਰਾਬ ਹੋਣ ਤੋਂ ਇਲਾਵਾ ਪਸ਼ੂ ਧੰਨ ਸਮੇਤ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਇਸ ਲਈ ਘੱਗਰ ਦਾ ਸਥਾਈ ਹੱਲ ਕੀਤਾ ਜਾਵੇ। ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨ ਹਮਾਇਤੀ ਹਨ। ਉਹ ਹਮੇਸ਼ਾ ਕਿਸਾਨਾਂ ਦੀ ਖੁਸ਼ਹਾਲੀ ਲਈ ਯਤਨਸ਼ੀਲ ਰਹਿੰਦੇ ਹਨ। ਉਹ ਇਸ ਮੰਗ ਨੂੰ ਖੁਦ ਪ੍ਰਧਾਨ ਮੰਤਰੀ ਤੱਕ ਪੁੱਜਦਾ ਕਰਨਗੇ। ਉਨ੍ਹਾਂ ਕਿਹਾ ਹੈ ਕਿ ਆਉਣ ਵਾਲੇ ਕੁਝ ਵਰ੍ਹਿਆਂ ਤੱਕ ਘੱਗਰ ਦਾ ਸਥਾਈ ਹੱਲ ਕਰ ਦਿੱਤਾ ਜਾਵੇਗਾ। ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਘੱਗਰ ਦਰਿਆ ਦੇ ਪੱਕੇ ਹੱਲ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ ਕਿਉਂਕਿ ਹੜ੍ਹ ਕਾਰਨ ਇਲਾਕੇ ਨੂੰ ਬਹੁਤ ਨੁਕਸਾਨ ਸਹਿਣਾ ਪੈਂਦਾ ਹੈ। ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹ ਪਟਿਆਲਾ ਤੋਂ ਲੈ ਕੇ ਰਾਜਸਥਾਨ ਤੱਕ ਇਸ ਘੱਗਰ ਦੇ ਹੱਲ ਲਈ ਪੁਰਜ਼ੋਰ ਯਤਨਸ਼ੀਲ ਰਹਿਣਗੇ। ਇਸ ਮੌਕੇ ਮੰਡਲ ਪ੍ਰਧਾਨ ਨਿਰੰਕਾਰ ਸਿੰਘ ਸੰਧੂ, ਮੰਡਲ ਪ੍ਰਧਾਨ ਸੰਤ ਰਾਮ ਗੁਲਾੜ੍ਹ, ਰੂੜ ਸਿੰਘ, ਨਫੇ ਸਿੰਘ ਰਸੌਲੀ, ਸੂਬਾ ਸਿੰਘ ਸੇਵੇਵਾਲਾ, ਕਰਮਜੀਤ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਗੁਰਚਰਨ ਰਸੌਲੀ, ਸੁਖਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਜੱਸਾ ਸਿੰਘ ਇਕਬਾਲ ਸਿੰਘ ਤੇ ਸੁਖਵੰਤ ਸਰਪੰਚ ਆਦਿ ਹਾਜ਼ਰ ਸਨ।