ਸਿਹਤ ਮੰਤਰੀ ਦੀ ਕੋਠੀ ਨੇੜੇ ਟੈਂਕੀ ’ਤੇ ਡਟੇ ਬੇਰੁਜ਼ਗਾਰ
ਨੌਕਰੀ ਸਬੰਧੀ ਉਮਰ ਹੱਦ ’ਚ ਛੋਟ ਦੀ ਮੰਗ ਨੂੰ ਲੈ ਕੇ ਆਤਮਦਾਹ ਦੀ ਧਮਕੀ ਤਹਿਤ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੀ ਕੋਠੀ ਦੇ ਨੇੜੇ ਸਥਿਤ ਪਾਣੀ ਵਾਲੀ ਟੈਕੀ ’ਤੇ ਚੜ੍ਹ ਕੇ ਬੈਠੇ ਬੇਰੁਜ਼ਗਾਰ ਹੈਲਥ ਵਰਕਰਾਂ ਮੱਖਣ ਸਿੰਘ ਚੀਮਾਮੰਡੀ ਅਤੇ ਹੀਰਾ ਲਾਲ ਦਾ ਟੈਂਕੀ ’ਤੇ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ ਜਦਕਿ ਇਨ੍ਹਾਂ ਦੇ ਸਾਥੀ ਵਰਕਰ ਇਸ ਟੈਂਕੀ ਦੇ ਹੇਠਾਂ ਉਸੇ ਦਿਨ ਤੋਂ ਹੀ ਦਿਨ ਰਾਤ ਦਾ ਧਰਨਾ ਮਾਰਕੇ ਬੈਠੇ ਹਨ।
ਉਨ੍ਹਾਂ ਦੀ ਅਗਵਾਈ ਮਲਟੀਪਰਪਜ਼ ਬੇਰੁਜ਼ਗਾਰ ਹੈਲਥ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਕਰ ਰਹੇ ਹਨ। ਕਈ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਇਨ੍ਹਾਂ ਹੈਲਥ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ, ਜਿਸ ਤਹਿਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾਕਟਰ ਦਰਸ਼ਨ ਪਾਲ, ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮਨਜੀਤ ਕੌਰ, ਅਮਨਦੀਪ ਕੌਰ ਅਤੇ ਰਾਜਵੀਰ ਕੌਰ,ਓਵਰ ਏਜ਼ ਯੂਨੀਅਨ ਤੋਂ ਲਲਿਤਾ, ਹੈਲਥ ਐਂਪਲਾਈਜ਼ ਯੂਨੀਅਨ ਵੱਲੋਂ ਰਜੇਸ਼ ਰਿਖੀ, ਦਲਜੀਤ ਸਿੰਘ, ਬੇਰੁਜ਼ਗਾਰ ਪੀ ਟੀ ਆਈ ਯੂਨੀਅਨ ਤੋ ਪਰਸ਼ਿੰਦਰ ਕੌਰ ਆਦਿ ਨੇ ਇਨ੍ਹਾਂ ਬੇਰੁਜ਼ਗਾਰ ਨੌਜਵਾਨਾ ਦੇ ਨਾਲ ਮੁਲਾਕਾਤ ਕਰਦਿਆਂ ਸੰਘਰਸ਼ ਦੀ ਹਮਾਇਤ ਕੀਤੀ। ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਡਾਕਟਰ ਬਲਵੀਰ ਸਿੰਘ ਨੇ ਭਾਵੇਂ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ 30 ਨਵੰਬਰ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਤੋਂ ਪਹਿਲਾਂ ਉਨ੍ਹਾ ਨੂੰ ਉਮਰ ਹੱਦ ’ਚ ਛੋਟ ਦੇ ਦਿੱਤੀ ਜਾਵੇਗੀ ਪ੍ਰੰਤੂ ਇਸ ਦੇ ਬਾਵਜੂਦ ਅੱਜ ਚੌਥਾ ਦਿਨ ਬੀਤਣ ਉਪਰੰਤ ਵੀ ਸਿਹਤ ਮੰਤਰੀ ਵੱਲੋਂ ਅਜਿਹੀ ਕੋਈ ਪੱਤਰਕਾ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਪਣੀ ਇਸ ਇੱਕ ਨੁਕਾਤੀ ਮੰਗ ਮਨਵਾਉਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਵਰਨਣਯੋਗ ਹੈ ਕਿ ਸਿਹਤ ਵਿਭਾਗ ਵਿੱਚ ਜਾਰੀ ਹੋਈਆਂ 270 ਪੋਸਟਾਂ ਸਬੰਧੀ ਪੰਜਾਬ ਭਰ ਵਿਚਲੇ ਮਲਟੀਪਰਪਜ਼ ਹੈਲਥ ਵਰਕਰਾਂ ਵਜੋਂ ਕੋਰਸ ਕਰ ਚੁੱਕੇ ਸਮੂਹ 2000 ਨੌਜਵਾਨਾ ਵਿੱਚੋਂ 1650 ਓਵਰਏਜ ਹੋ ਚੁੱਕੇ ਹਨ। ਅਨੁਸਾਰ ਉਮਰ ਹੱਦ ਛੋਟ ਦੀ ਮੰਗ ਕਰਦੇ ਹੋਏ ਮੱਖਣ ਸਿੰਘ ਅਤੇ ਹੀਰਾ ਲਾਲ ਟੈਂਕੀ ਉੱਤੇ ਬੈਠੇ ਹੋਏ ਹਨ।
