ਅਪ੍ਰੈਂਟਿਸਸ਼ਿਪ ਕੋਰਸ ਦੀਆਂ ਸੀਟਾਂ ’ਤੇ ਜੁਆਇਨਿੰਗ ਲਈ ਡਟੇ ਬੇਰੁਜ਼ਗਾਰ
ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ
Advertisement
ਪਾਵਰਕੌਮ ਵਿੱਚ ਅਪ੍ਰੈਂਟਿਸਸ਼ਿਪ ਕੋਰਸਾਂ ਦੀਆਂ ਸੀਟਾਂ ’ਤੇ ਜੁਆਇਨ ਕਰਵਾਉਣ ਦੀ ਮੰਗ ਲਈ ਪਾਵਰਕੌਮ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਵੱਲੋਂ ਸੂਬਾਈ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ ਸ਼ਾਮੀਂ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਮਗਰੋਂ ਭਾਵੇਂ ਇਨ੍ਹਾਂ ਧਰਨਾਕਾਰੀਆਂ ਦੀ ਅਧਿਕਾਰੀਆਂ ਨਾਲ ਚੱਲੀ ਵਾਰਤਾਲਾਪ ਕਿਸੇ ਤਣ-ਪੱਤਣ ਨਾ ਲੱਗਣ ਕਰਕੇ ਇਹ ਇੱਥੇ ਹੀ ਡੇਰੇ ਲਾ ਕੇ ਬੈਠ ਗਏ। ਅਧਿਕਾਰੀਆਂ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਭਰੋਸਾ ਦਿੰਦਿਆਂ ਕਈ ਵਾਰ ਇਹ ਧਰਨਾ ਚੁਕਵਾਉਣ ਦਾ ਯਤਨ ਕੀਤਾ, ਪਰ ਉਹ ਇੱਥੇ ਹੀ ਡੇਰੇ ਲਾ ਕੇ ਬੈਠ ਗਏ। ਖ਼ਬਰ ਲਿਖੇ ਜਾਣ ਤੱਕ ਵੀ ਉਹ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਡਟੇ ਹੋਏ ਸਨ।
ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਤਿੰਦਰ ਸਿੰਘ ਸਮਾਣਾ ਦਾ ਕਹਿਣਾ ਸੀ ਕਿ ਇੱਕ ਸਾਲ ਦਾ ਅਪਰੈਂਟਸ਼ਿਪ ਕੋਰਸ ਕਰਵਾਉਣ ਲਈ ਭਾਵੇਂ ਦੋ ਮਹੀਨੇ ਪਹਿਲਾਂ ਉਨ੍ਹਾਂ ਦਾ ਟੈਸਟ ਵੀ ਹੋ ਗਿਆ ਸੀ ਤੇ ਰਿਜ਼ਲਟ ਵੀ ਤਿਆਰ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਆਪਣੀ ਇਸ ਇੱਕ ਨੁਕਾਤੀ ਮੰਗ ਦੀ ਪੂਰਤੀ ਤੱਕ ਉਹ ਇੱਥੇ ਹੀ ਡਟੇ ਰਹਿਣਗੇ।
Advertisement
ਦੂਜੇ ਪਾਸੇ 4 ਨਵੰਬਰ ਨੂੰ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੀ ਲੜੀ ਵਜੋਂ ਇੱਥੇ ਪੋਲੋ ਗਰਾਊਂਡ ’ਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਦੇ ਮੱਦੇਨਜ਼ਰ ਇਸ ਧਰਨੇ ਨੇ ਪੁਲੀਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਜਿਸ ਕਰਕੇ ਨਾ ਸਿਰਫ਼ ਥਾਣਿਆਂ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਕਾਹਲੋਂ, ਐੱਸ ਆਈ ਗੁਰਪਿੰਦਰ ਸਿੰਘ ਤੇ ਐੱਸ ਆਈ ਗੁਰਮੀਤ ਸਿੰਘ ਇੱਥੇ ਤਾਇਨਾਤ ਰਹੇ ਬਲਕਿ ਇਲਾਕੇ ਦੇ ਡੀ ਐੱਸ ਪੀ ਸਤਿਨਾਮ ਸਿੰਘ ਸੰਘਾ ਵੀ ਦੇਰ ਰਾਤ ਇੱਥੇ ਪਾਵਰਕੌਮ ਦਫ਼ਤਰ ਨੇੜੇ ਡਟੇ ਹੋਏ ਸਨ।
Advertisement
