ਵੀਹ ਲੱਖ ਲੈ ਕੇ ਦੋ ਨੌਜਵਾਨਾਂ ਨੂੰ ਅਮਰੀਕਾ ਦੀ ਥਾਂ ਦੁਬਈ ਭੇਜਿਆ
ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਲਖਵਿੰਦਰ ਸਿੰਘ ਪਿੰਡ ਅਸਮਾਨਪੁਰ, ਵਰਿੰਦਰਪਾਲ ਸਿੰਘ ਵਾਸੀ ਪਿੰਡ ਮਿਆਲ ਖੁਰਦ ਅਤੇ ਅਤੁਲ ਬਹਿਲ ਵਾਸੀ ਸ਼ਾਹਬਾਦ ਸ਼ਾਮਲ ਹੈ। ਪੁਲੀਸ ਅਨੁਸਾਰ ਮਨਜੀਤ ਸਿੰਘ ਵਾਸੀ ਵੜੈਚਾਂ ਪੱਤੀ ਵੱਲੋਂ ਉੱਚ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਸ ਦੇ ਭਤੀਜੇ ਗੁਰਜੋਤ ਸਿੰਘ ਅਤੇ ਰਿਸ਼ਤੇਦਾਰ ਪਰਮਜੋਤ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ ਉਨ੍ਹਾਂ ਤੋਂ 20 ਲੱਖ ਰੁਪਏ ਲੈ ਲਏ ਅਤੇ ਦੋਵਾਂ ਲੜਕਿਆਂ ਨੂੰ ਦੁਬਈ ਭੇਜ ਦਿੱਤਾ। ਕਾਫ਼ੀ ਸਮਾਂ ਦੁਬਈ ਵਿੱਚ ਰਹਿਣ ’ਤੇ ਉਨ੍ਹਾਂ ਨੂੰ ਉਥੋਂ ਦਾ ਖ਼ਰਚਾ ਵੀ ਖੁਦ ਕਰਨਾ ਪਿਆ ਪਰ ਅਮਰੀਕਾ ਦਾ ਵੀਜ਼ਾ ਨਹੀਂ ਲਗਵਾਇਆ ਗਿਆ। ਇਸ ਤੋਂ ਬਾਅਦ ਦੋਵੇਂ ਲੜਕੇ ਵਾਪਸ ਭਾਰਤ ਆ ਗਏ। ਮੁਲਜ਼ਮਾਂ ਨੇ ਨਾ ਤਾਂ ਲੜਕਿਆਂ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ, ਜਿਸ ਤੋਂ ਬਾਅਦ ਇੱਕ ਪੰਚਾਇਤੀ ਰਾਜ਼ੀਨਾਮੇ ਵਿੱਚ 15.14 ਲੱਖ ਰੁਪਏ ਵਾਪਸ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਵੀ ਮੁਲਜ਼ਮਾਂ ਨੇ ਕੋਈ ਪੈਸਾ ਵਾਪਸ ਨਹੀਂ ਕੀਤਾ। ਅਧਿਕਾਰੀ ਅਨੁਸਾਰ, ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ-ਪੜਤਾਲ ਅਤੇ ਕਾਨੂੰਨੀ ਰਾਏ ਲੈਣ ਉਪਰੰਤ ਦਿੱਤੇ ਗਏ ਹੁਕਮਾਂ ’ਤੇ ਸਿਟੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਵਿੱਢ ਦਿੱਤੀ ਹੈ।