ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ਦੇ ਪਾਣੀ ਕਾਰਨ ਦੋ ਹਜ਼ਾਰ ਏਕੜ ਝੋਨੇ ਦੀ ਫ਼ਸਲ ਨੁਕਸਾਨੀ

ਹਫ਼ਤੇ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ ਘੱਗਰ
ਹੜ੍ਹ ਕਾਰਨ ਡੁੱਬੀ ਹੋਈ ਪੱਕਣ ’ਤੇ ਆਈ ਝੋਨੇ ਦੀ ਫ਼ਸਲ।
Advertisement

ਇੱਥੇ ਪਿੰਡ ਰਾਮਪੁਰ ਪੜਤਾ ਵਾਲੇ ਪਾਸੇ ਘੱਗਰ ਓਵਰਫਲੋਅ ਹੋਣ ਕਾਰਨ ਪੰਜ ਪਿੰਡਾਂ ਦੀ ਪੱਕਣ ’ਤੇ ਆਈ ਲਗਪਗ ਦੋ ਹਜ਼ਾਰ ਏਕੜ ਝੋਨੇ ਦੀ ਫ਼ਸਲ ਹੜ੍ਹ ਦੀ ਭੇਟ ਚੜ੍ਹ ਗਈ ਹੈ।  ਬਾਦਸ਼ਾਹਪੁਰ ਦੇ ਡੇਰਾ ਪਾੜਿਆਂ ਨੇੜੇ ਰਾਤ ਨੂੰ ਘੱਗਰ ਦਾ ਪਾਣੀ ਓਵਰਫਲੋਅ ਹੋ ਕੇ ਜਦੋਂ ਖੇਤਾਂ ਵਿੱਚ ਪੈਣਾ ਸ਼ੁਰੂ ਹੋਇਆ ਤਾਂ ਇਕੱਠੇ ਹੋਏ ਲੋਕਾਂ ਨੇ ਰਾਤ ਬਾਰ੍ਹਾਂ ਵਜੇ ਤੱਕ ਭਾਰੀ ਮੁਸ਼ੱਕਤ ਕਰਕੇ ਬੰਨ੍ਹ ਲਾਇਆ। ਇਸ ਮਗਰੋਂ ਸਵੇਰੇ ਪਿੰਡ ਹਰਚੰਦਪੁਰਾ ਵਾਲੇ ਪਾਸੇ ਘੱਗਰ ਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੌਕੇ ਇਕੱਠੇ ਹੋਏ ਲੋਕ ਅਖ਼ੀਰ ਬੰਨ੍ਹ ਬੰਨ੍ਹਣ ਵਿੱਚ ਸਫਲ ਹੋ ਗਏ। ਦੂਜੇ ਪਾਸੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ’ਤੇ ਕਈ ਦਿਨਾਂ ਤੋਂ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਤੋਂ ਉਪਰ 750.4 ’ਤੇ ਚੱਲ ਰਿਹਾ ਹੈ ਪਰ ਸੰਭਾਵੀ ਹੜ੍ਹ ਦੇ ਖ਼ਤਰਾ ਅਜੇ ਟਲਿਆ ਨਹੀਂ ਕਿਉਂਕਿ ਘੱਗਰ ਦਰਿਆ ਦੇ ਬੰਨ੍ਹ ਕਮਜ਼ੋਰ ਹੋ ਚੁੱਕੇ ਹਨ। ਕਿਸਾਨ ਲਗਾਤਾਰ ਬੰਨ੍ਹ ਮਜ਼ਬੂਤ ਕਰਨ ਦੇ ਨਾਲ-ਨਾਲ ਦਿਨ ਰਾਤ ਪਹਿਰਾ ਦੇ ਰਹੇ ਹਨ। ਘੱਗਰ ਕਿਨਾਰੇ ਵਸਦੇ ਲੋਕਾਂ ਦਾ ਕਹਿਣਾ ਹੈ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਹੈ ਘੱਗਰ ਹਫਤੇ ਤੋਂ ਜ਼ਿਆਦਾ ਸਮਾਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਰਿਹਾ ਹੈ। ਇਸ ਦੌਰਾਨ ਪਿੰਡ ਬਾਦਸ਼ਾਹਪੁਰ, ਰਾਮਪੁਰ ਪੜਤਾ, ਦੁਆਰਕਾਪਰ ਦੇ ਲੋਕਾਂ ਨੇ ਦੱਸਿਆ ਹੈ ਕਿ ਘੱਗਰ ਦਰਿਆ ਦੇ ਇੱਕ ਪਾਸੇ ਪ੍ਰਾਈਵੇਟ ਬੰਨ੍ਹ ਹੈ ਜਿਸ ਨੂੰ ਬਚਾਉਣ ਲਈ ਲੋਕ ਲਗਾਤਾਰ ਯਤਨ ਕਰ ਰਹੇ ਹਨ। ਦੂਸਰੇ ਪਾਸੇ ਪਿੰਡ ਰਾਮਪੁਰ ਪੜਤਾ ਦੇ ਨੇੜੇ ਘੱਗਰ ਤੋਂ ਕੋਈ ਡੇਢ ਕਿਲੋਮੀਟਰ ਦੀ ਦੂਰੀ ਸਰਕਾਰ ਨੇ ਰਿੰਗ ਬੰਨ੍ਹ ਬਣਾਇਆ ਹੋਇਆ ਹੈ। ਓਵਰਫਲੋਅ ਹੋਏ ਘੱਗਰ ਨੇ ਰਿੰਗ ਬੰਨ੍ਹ ਵਿਚਲੇ ਬਹੁਤੇ ਰਕਬੇ ਨੂੰ ਆਪਣੀ ਲਪੇਟ ਲਿਆ ਹੈ। ਹਰਚੰਦਪੁਰ ਦੇ ਲੋਕਾਂ ਕਹਿਣਾ ਹੈ ਕਿ ਉਨ੍ਹਾਂ ਦਾ 1000 ਏਕੜ ਝੋਨਾ ਪਿਛਲੇ ਕਈ ਦਿਨਾਂ ਤੋਂ ਪਾਣੀ ਵਿੱਚ ਡੁੱਬਿਆ ਹੋਇਆ ਹੈ। ਬਾਦਸ਼ਾਹਪੁਰ ਦੇ ਪੁਲ ਦੇ ਦੂਸਰੇ ਪਾਸੇ ਰਾਮਪੁਰ ਪੜਤਾ ਨੂੰ ਜਾਣ ਵਾਲੀ ਸੜਕ ਤੋਂ ਘੱਗਰ ਦਾ ਪਾਣੀ ਨੀਵੇਂ ਖੇਤਾਂ ਵੱਲ ਦਾਖ਼ਲ ਹੋ ਰਿਹਾ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਹੈ ਕਿ ਗੋਭ ਵਿੱਚ ਆਏ ਝੋਨੇ ਦੀ ਫ਼ਸਲ ਲਈ ਇਹ ਪਾਣੀ ਘਾਤਕ ਸਿੱਧ ਹੋਵੇਗਾ। ਲੋਕਾਂ ਨੇ ਦੱਸਿਆ ਹੈ ਕਿ ਬਾਦਸ਼ਾਹਪੁਰ ਤੇ ਰਾਮਪੁਰ ਪੜਤਾ ਦੀ ਹਜ਼ਾਰ ਏਕੜ ਫ਼ਸਲ ਬਰਬਾਦ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਹੈ ਕਿ ਘੱਗਰ ਦੀ ਮਾਰ ਹੁਣ ਉਨ੍ਹਾਂ ਦੀ ਬਰਬਾਦੀ ਤੋਂ ਸਿਵਾਏ ਹੋਰ ਕੁਝ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਨੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਇਸ ਸਮੇਂ ਬਹੁਤ ਘੱਟ ਹੈ।

ਸਰਕਾਰ ਨੂੰ ਮੁਆਵਜ਼ੇ ਦੀ ਰਾਸ਼ੀ ’ਤੇ ਮੁੜ ਤੋਂ ਵਿਚਾਰ ਕਰਨੀ ਚਾਹੀਦੀ ਹੈ। ਇਸੇ ਦੌਰਾਨ ਸੁਖਵਿੰਦਰ ਸਿੰਘ ਨੇ ਕਾਰ ਸੇਵਾ ਵਾਲੇ ਬਾਬਿਆਂ ਦੀ ਮਦਦ ਨਾਲ ਰਾਮਪੁਰ ਪੜਤਾ ਨੂੰ ਜਾਂਦੀ ਸੜਕ ਦੇ ਇੱਕ ਕਿਨਾਰੇ ਮਿੱਟੀ ਦੇ ਭਰੇ ਥੈਲਿਆਂ ਨਾਲ ਬੰਨ੍ਹ ਬਣਾ ਕੇ ਆਪਣੀ ਫਸਲ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ।

Advertisement

ਬੰਨ੍ਹ ਮਜ਼ਬੂਤ ਕਰਨ ’ਚ ਜੁਟੇ ਲੋਕਾਂ ਲਈ ਲੰਗਰ

ਨਵਾਂ ਗਾਓਂ ਅਤੇ ਰਸੌਲੀ ਦੇ ਵਿਚਕਾਰ ਤੋਂ ਲੰਘਦੇ ਜੰਮੂ ਕਟੜਾ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਘੱਗਰ ਦੇ ਬਰਬਾਦ ਹੋਏ ਬੰਨ੍ਹਿਆਂ ਮਜ਼ਬੂਤ ਕਰਨ ਵਿੱਚ ਜੁਟੇ ਕਿਸਾਨਾਂ ਲਈ ਪਿੰਡ ਸ਼ੁਤਰਾਣਾ ਦੇ ਦੁਕਾਨਦਾਰਾਂ, ਆਮ ਲੋਕਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸਰਪੰਚ ਸੁਰੇਸ਼ ਕੁਮਾਰ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਬਲਦੇਵ ਸਿੰਘ, ਰੂਪ ਰਾਮ, ਸੰਤੋਖ ਸਿੰਘ, ਸਤਪਾਲ ਸਿੰਘ ਅਤੇ ਭੂਰੀ ਵਾਲੇ ਬਾਬਿਆਂ ਵੱਲੋਂ ਚਾਹ, ਪਾਣੀ, ਬਿਸਕੁਟ, ਪ੍ਰਸ਼ਾਦਿ ਅਤੇ ਮਿੱਠੇ ਚੌਲਾਂ ਦਾ ਲੰਗਰ ਗਿਆ ਹੈ।

Advertisement
Show comments