ਪਾਤੜਾਂ ’ਚ ਦੋ ਪੁਲੀਸ ਮੁਲਾਜ਼ਮਾਂ ਵੱਲੋਂ ਪੀਆਰਟੀਸੀ ਡਰਾਈਵਰ ਨਾਲ ਧੱਕਾਮੁੱਕੀ
ਬਿਨਾਂ ਪਰਮਿਟ ਤੋਂ ਚੱਲਦੀ ਇੱਕ ਨਿੱਜੀ ਬੱਸ ਵਾਲਿਆਂ ਨੂੰ ਜਦੋਂ ਪੀਆਰਟੀਸੀ ਵਾਲਿਆਂ ਨੇ ਸਵਾਰੀਆਂ ਚੁੱਕਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਵਿੱਚ ਤਕਰਾਰ ਹੋ ਗਿਆ ਤੇ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਨਿੱਜੀ ਬੱਸ ਚਾਲਕਾਂ ਦੇ ਕਹਿਣ ’ਤੇ ਦੋ ਪੁਲੀਸ ਕਰਮਚਾਰੀਆਂ ਨੇ ਪੀਆਰਟੀਸੀ ਡਰਾਈਵਰ ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਉਣ ਦੀ ਕੋਸ਼ਿਸ਼ ਕੀਤੀ। ਗੁੱਸੇ ਵਿੱਚ ਆਏ ਪੀਆਰਟੀਸੀ ਦੇ ਡਰਾਈਵਰਾਂ ਨੇ ਸ਼ਹਿਰ ਦੇ ਚੌਕਾਂ ਵਿੱਚ ਬੱਸਾਂ ਲਾ ਕੇ ਆਵਾਜਾਈ ਬੰਦ ਕਰ ਦਿੱਤੀ। ਮਾਮਲੇ ਦੀ ਪੜਤਾਲ ਮਗਰੋਂ ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਪੀਆਰਟੀਸੀ ਡਰਾਈਵਰ ਨਾਲ ਧੱਕਾਮੁੱਕੀ ਕਰਨ ਦੇ ਦੋਸ਼ ਹੇਠ ਦੋਵੇਂ ਪੁਲੀਸ ਕਰਮਾਚਾਰੀਆਂ ਨੂੰ ਮੁਅੱਤਲ ਕਰ ਕੇ ਵਿਭਾਗੀ ਜਾਂਚ ਦੀ ਸਿਫਾਰਸ਼ ਕੀਤੀ ਹੈ। ਪੀਆਰਟੀਸੀ ਦੇ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਪੀਆਰਟੀਸੀ ਦੇ ਜੀਐੱਮ ਨੇ ਦੱਸਿਆ ਕਿ ਪਾਤੜਾਂ ’ਚ ਮਹਿਕਮੇ ਦੇ ਮੁਲਾਜ਼ਮਾਂ ਨਾਲ ਨਿੱਜੀ ਬੱਸ ਦੇ ਡਰਾਈਵਰ ਦਾ ਕੋਈ ਝਗੜਾ ਹੋਇਆ ਹੈ ਅਤੇ ਜਿਸ ਕਰਕੇ ਪੀ.ਆਰ.ਟੀ.ਸੀ ਦੀਆਂ ਸਾਰੀਆਂ ਬੱਸਾਂ ਬੰਦ ਕੀਤੀਆਂ ਗਈਆਂ ਹਨ। ਇੰਸਪੈਕਟਰ ਨੇ ਦੱਸਿਆ ਕਿ ਖਰਕਾਂ ਰੂਟ ’ਤੇ ਚੱਲ ਰਹੀ ਇੱਕ ਪ੍ਰਾਈਵੇਟ ਬੱਸ ਦਾ ਪਰਮਿਟ ਰੱਦ ਹੋ ਜਾਣ ਮਗਰੋਂ ਉਹ ਪਾਤੜਾਂ ਦੇ ਪੁਰਾਣੇ ਬੱਸ ਅੱਡੇ ਤੋਂ ਸਵਾਰੀਆਂ ਚੁੱਕ ਰਹੇ ਸਨ। ਰੂਟ ’ਤੇ ਚੱਲਣ ਵਾਲੀ ਪੀਆਰਟੀਸੀ ਬੱਸ ਦੇ ਡਰਾਈਵਰ ਯਾਦਵਿੰਦਰ ਸਿੰਘ ਨੇ ਜਦੋਂ ਰੋਕਿਆ ਤਾਂ ਆਪਸ ਵਿੱਚ ਤਕਰਾਰ ਹੋ ਗਿਆ। ਪ੍ਰਾਈਵੇਟ ਬੱਸ ਮਾਲਕ ਦੇ ਸੱਦਣ ’ਤੇ ਆਏ ਦੋ ਪੁਲੀਸ ਕਰਮਚਾਰੀਆਂ ਨੇ ਪੀਆਰਟੀਸੀ ਬੱਸ ਦੇ ਡਰਾਈਵਰ ਦੇ ਗਲ ਨੂੰ ਹੱਥ ਪਾ ਲਿਆ ਅਤੇ ਖਿੱਚ-ਧੂਹ ਕੀਤੀ। ਰੋਸ ਵਜੋਂ ਪੀਆਰਟੀਸੀ ਦੇ ਡਰਾਈਵਰਾਂ ਨੇ ਬੱਸਾਂ ਨੂੰ ਪਾਤੜਾਂ ਦੇ ਚੌਕਾਂ ਵਿੱਚ ਲਾ ਕੇ ਚੱਕਾ ਜਾਮ ਕਰ ਦਿੱਤਾ। ਮਾਮਲੇ ਨੂੰ ਸੁਲਝਾਉਣ ਲਈ ਡੀਐੱਸਪੀ ਪਾਤੜਾਂ ਦੇ ਦਫਤਰ ਵਿੱਚ ਗੱਲ ਚੱਲ ਰਹੀ ਸੀ ਕਿ ਡਰਾਈਵਰ ਨਾਲ ਬਦਸਲੂਕੀ ਕਰਨ ਵਾਲੇ ਪੁਲੀਸ ਕਰਮਚਾਰੀ ਨੇ ਫਿਰ ਰੋਅਬ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਸਮਝੌਤੇ ਦੀ ਚੱਲ ਰਹੀ ਗੱਲਬਾਤ ਵਿੱਚੋਂ ਟੁੱਟ ਗਈ। ਪੀਆਰਟੀਸੀ ਦੇ ਕਰਮਚਾਰੀਆਂ ਦੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਦੇ ਰੋਸ ਵਜੋਂ ਪਟਿਆਲਾ ਵਿੱਚ ਬੱਸਾਂ ਬੰਦ ਕਰ ਦਿੱਤੀਆਂ।
ਨਿੱਜੀ ਬੱਸ ਦੇ ਮਾਲਕ ਨਰਿੰਦਰ ਸਿੰਘ ਨੇ ਬੱਸ ਨੂੰ ਬਿਨਾਂ ਪਰਮਿਟ ਤੋਂ ਚਲਾਏ ਜਾਣ ਦੀ ਗੱਲ ਨੂੰ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੀਆਰਟੀਸੀ ਬੱਸ ਡਰਾਈਵਰ ਖਿਲਾਫ਼ ਵਿਜੀਲੈਂਸ ਵਿਭਾਗ ਵਿੱਚ ਸ਼ਿਕਾਇਤ ਕੀਤੀ ਗਈ ਹੈ ਜਿਸ ਨੂੰ ਵਾਪਸ ਨਾ ਲਏ ਜਾਣ ਕਾਰਨ ਉਨ੍ਹਾਂ ’ਤੇ ਹਮਲਾ ਕਰ ਕੇ ਕੁੱਟਮਾਰ ਦੀ ਕੋਸ਼ਿਸ਼ ਕੀਤੀ ਗਈ ਹੈ।
ਦੋਵਾਂ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਦੀ ਸਿਫ਼ਾਰਸ਼ ਕੀਤੀ: ਡੀਐੱਸਪੀ
ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪੀਆਰਟੀਸੀ ਡਰਾਈਵਰ ਨਾਲ ਧੱਕਾ-ਮੁੱਕੀ ਕਰਨ ਵਾਲੇ ਦੋਵੇਂ ਪੁਲੀਸ ਕਰਮਾਚਾਰੀਆਂ ਗੁਰਦੀਪ ਸਿੰਘ ਅਤੇ ਕਰਨਦੀਪ ਸਿੰਘ ਨੂੰ ਮੁਅੱਤਲ ਕਰ ਕੇ ਵਿਭਾਗੀ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ।