ਸੜਕ ਹਾਦਸਿਆਂ ਵਿੱਚ ਦੋ ਹਲਾਕ
ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਕੂੰਮਕਲਾਂ ਦੇ ਇਲਾਕੇ ਪਿੰਡ ਪਾਗਲੀਆਂ ਸਥਿਤ
ਕਿੱਟੀ ਬ੍ਰੈੱਡ ਕੰਪਨੀ ਨੇੜੇ ਹੋਏ ਇੱਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੁਰਗਾ ਕਲੋਨੀ ਢੰਡਾਰੀ ਕਲਾਂ ਵਾਸੀ ਮੰਨੂ ਆਪਣੇ ਭਰਾ ਸੁਨੀਲ ਕੁਮਾਰ (25) ਨਾਲ ਪਿੰਡ ਚਹਿਲਾ ਸ਼ਿਵ ਮੰਦਿਰ ਤੋਂ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ ’ਤੇ ਵਾਪਸ ਘਰ ਆ ਰਹੇ ਸੀ ਤਾਂ ਕਿੱਟੀ ਬ੍ਰੈੱਡ ਕੰਪਨੀ ਪਿੰਡ ਪਾਗਲੀਆਂ ਕੋਲ ਅੱਗੇ ਜਾ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਇੱਕ ਦਮ ਸੜਕ ਦੇ ਵਿਚਾਲੇ ਹੀ ਬ੍ਰੇਕ ਲਗਾ ਦਿੱਤੀ, ਜਿਸ ਨਾਲ ਸੁਨੀਲ ਕੁਮਾਰ ਦੀ ਵਾਹਨ ਨਾਲ ਟੱਕਰ ਹੋ ਗਈ ਅਤੇ ਉਹ ਸਖ਼ਤ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਕਿ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਉਸ ਦੀ ਮੌਕਾ ’ਤੇ ਮੌਤ ਗਈ। ਇਸ ਦੌਰਾਨ ਵਾਹਨ ਚਾਲਕ ਨੇ ਸਮੇਤ ਵਾਹਨ ਫਰਾਰ ਹੋ ਗਿਆ। ਹੌਲਦਾਰ ਰਾਮ ਨਰੇਸ਼ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੇ ਇਲਾਕੇ ਕੋਹਾੜਾ ਸਾਈਡ ਵੱਲ ਦੋ ਮੋਟਰਸਾਇਕਲਾਂ ਦੀ ਟੱਕਰ ਨਾਲ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਜੀਵਨ ਨਗਰ ਫੋਕਲ ਪੁਆਇੰਟ ਵਾਸੀ ਸਿੰਟੂ ਕੁਮਾਰ ਠਾਕੁਰ ਆਪਣੇ ਸਾਥੀ ਸਰਵਨ ਕੁਮਾਰ ਨਾਲ ਆਪਣੇ ਆਪਣੇ ਸਾਈਕਲਾਂ ’ਤੇ ਕੋਹਾੜਾ ਵੱਲੋਂ ਆਪਣੀ ਫੈਕਟਰੀ ਡਿਊਟੀ ਜਾ ਰਹੇ ਸੀ ਅਤੇ ਅੱਗੇ ਅੱਗੇ ਉਨ੍ਹਾਂ ਦੀ ਕੰਪਨੀ ਦਾ ਲੜਕਾ ਹਿਤੇਸ਼ ਕੁਮਾਰ ਵੀ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਗ਼ਲਤ ਪਾਸੇ ਤੋਂ ਆ ਰਹੇ ਮੋਟਰਸਾਈਕਲ ਚਾਲਕ ਨੇ ਹਿਤੇਸ਼ ਕੁਮਾਰ ਨੂੰ ਫੇਟ ਮਾਰੀ ਤੇ ਫ਼ਰਾਰ ਹੋ ਗਿਆ। ਇਸ ਟੱਕਰ ਵਿੱਚ ਹਿਤੇਸ਼ ਕੁਮਾਰ ਸਖ਼ਤ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।