ਡੇਅਰੀ ’ਚੋਂ ਸਵਾ ਦੋ ਕੁਇੰਟਲ ਪਨੀਰ ਜ਼ਬਤ
ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਦਾ ਸਿਹਤ ਵਿਭਾਗ ਚੌਕੰਨਾ ਹੋ ਗਿਆ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠਾਂ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਟੀਮ ਵੱਲੋਂ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਦੁਕਾਨਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ ਸੌ ਦੇ ਕਰੀਬ ਸੈਂਪਲ ਭਰਕੇ ਜਾਂਚ ਲਈ ਖਰੜ ਸਥਿਤ ਪੰਜਾਬ ਸਰਕਾਰ ਦੀ ਲੈਬਾਰਟਰੀ ਵਿੱਚ ਭੇਜੇ ਗਏ। ਜਾਣਕਾਰੀ ਅਨੁਸਾਰ ਟੀਮ ਵੱਲੋਂ ਅੱਜ ਨੇੜਲੇ ਪਿੰਡ ਚੁਤਹਿਰਾ ਵਿਚਲੀ ਇੱਕ ਡੇਅਰੀ ਤੋਂ ਮਿਲਾਵਟੀ ਹੋਣ ਦੇ ਸ਼ੱਕ ਵਿੱਚ 2.25 ਕੁਇੰਟਲ ਪਨੀਰ ਜ਼ਬਤ ਕੀਤਾ ਗਿਆ। ਇਸੇ ਯੂਨਿਟ ਤੋਂ ਟੀਮ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਧੀਨ ਦਹੀਂ ਅਤੇ ਸਕਿਮਡ ਮਿਲਕ ਪਾਊਡਰ ਦੇ ਸੈਂਪਲ ਵੀ ਭਰੇ ਗਏ। ਆਪਣੇ ਪਟਿਆਲਾ ਸਥਿਤ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਜ਼ਿਲ੍ਹਾ ਹੈਲਥ ਅਫ਼ਸਰ ਅਤੇ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦਿੱਤੀ। ਉਨ੍ਹਾ ਦੱਸਿਆ ਕਿ ਇਹ ਸੈਂਪਲ ਅਗਲੇਰੀ ਜਾਂਚ ਲਈ ਖਰੜ ਸਥਿਤ ਸੂਬਾਈ ਫੂਡ ਲੈਬਾਰਟਰੀ ਵਿੱਚ ਭੇਜੇ ਗਏ ਹਨ। ਜਾਂਚ ਦੀ ਰਿਪੋਰਟ ਆਉਣ ਉਪਰੰਤ ਹੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸਿਹਤ ਅਧਿਕਾਰੀ ਦਾ ਕਹਿਣਾ ਸੀ ਕਿ ਇਸੇ ਮੁਹਿੰਮ ਦੀ ਕੜੀ ਵਜੋਂ ਜ਼ਿਲ੍ਹੇ ਭਰ ’ਚ ਭੋਜਨ ਸਮੱਗਰੀ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਾਧੂ ਨਿਰੀਖਣ ਅਤੇ ਨਮੂਨੇ ਲੈਣ ਦੀ ਕਾਰਵਾਈ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਟੀਮ ਨੇ ਹਾਲ ਹੀ ’ਚ ਨਾਭਾ ਅਤੇ ਰਾਜਪੁਰਾ ਵਿੱਚ ਵੀ ਮਿਠਾਈਆਂ ਦੀਆਂ ਦੁਕਾਨਾਂ, ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦਾ ਨਿਰੀਖਣ ਕਰਕੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰਦਿਆਂ ਜਾਂਚ ਲਈ ਲੈਬ ਭੇਜੇ ਗਏ ਸਨ। ਨਾਭਾ ਤੋਂ ਖੋਆ ਆਧਾਰਿਤ ਮਿਠਾਈਆਂ ਅਤੇ ਮਸਾਲਿਆਂ ਦੇ 7 ਨਮੂਨੇ ਤੇ ਰਾਜਪੁਰਾ ਤੋਂ ਖੋਏ ਤੇ ਮਸਾਲਿਆਂ ਦੇ 4 ਨਮੂਨੇ ਲਏ ਗਏ ਸਨ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।