ਫੈਕਟਰੀ ’ਚੋਂ ਟਮਾਟਰਾਂ ਦਾ ਟਰੱਕ ਜ਼ਬਤ
ਬਿਨਾਂ ਫ਼ੀਸ ਭਰਿਆ ਟਰੱਕ ਦਾ ਸਾਮਾਨ ਖੁੱਲ੍ਹੀ ਬੋਲੀ ਰਾਹੀਂ ਵੇਚਿਆ
Advertisement
ਇੱਥੇ ਇੱਕ ਫੈਕਟਰੀ ਵਿੱਚੋਂ ਬਿਨਾਂ ਮਾਰਕੀਟ ਫੀਸ ਭਰੇ ਟਮਾਟਰਾਂ ਦਾ ਭਰਿਆ ਟਰੱਕ ਐੱਸ ਡੀ ਐੱਮ ਸਮਾਣਾ ਦੀ ਅਗਵਾਈ ਵਿੱਚ ਫੜਿਆ ਗਿਆ। ਟਮਾਟਰਾਂ ਦੇ ਭਰੇ ਟਰੱਕ ਨੂੰ ਸ਼ੁੱਕਰਵਾਰ ਸਵੇਰੇ ਖੁੱਲ੍ਹੀ ਬੋਲੀ ਰਾਹੀਂ 1210 ਰੁਪਏ ਪ੍ਰਤੀ ਕੁਇੰਟਲ, ਭਾੜਾ ਅਤੇ ਮਾਰਕੀਟ ਫ਼ੀਸ ਅਲੱਗ ਤੋਂ ਵੇਚਿਆ ਗਿਆ। ਮਾਰਕੀਟ ਕਮੇਟੀ ਦੇ ਸਕੱਤਰ ਭਰਪੂਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਸਬਜ਼ੀ ਦੀ ਮਾਰਕੀਟ ਫੀਸ ਵਿੱਚ 40 ਫੀਸਦੀ ਆ ਰਹੀ ਕਮੀ ਦਾ ਗੰਭੀਰ ਨੋਟਿਸ ਲੈਂਦਿਆਂ ਹਦਾਇਤ ਕੀਤੀ ਗਈ ਸੀ ਕਿ ਇਸ ਕਮੀ ਨੂੰ ਪੂਰਾ ਕਰਨ ਲਈ ਚੌਕਸੀ ਵਰਤੀ ਜਾਵੇ। ਉਨ੍ਹਾਂ ਦੱਸਿਆ ਕਿ ਵੀਰਵਾਰ ਸਾਮ ਸਮੇਂ ਸਾਈ ਐਗਰੋ ਮਸ਼ਰੂਮ ਫੈਕਟਰੀ ਵਿੱਚ ਟਮਾਟਰਾਂ ਦਾ ਭਰਿਆ ਟਰੱਕ ਮਿਲਿਆ ਜਿਸ ਵਿੱਚ 1030 ਕਰੇਟ ਟਮਾਟਰਾਂ ਦੇ ਭਰੇ ਹੋਏ ਸਨ ਜਿਸ ਦਾ ਵਜਨ ਅੰਦਾਜ਼ਾ 18 ਟਨ ਸੀ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਕੋਲ ਕੋਈ ਵੀ ਮਾਰਕੀਟ ਫੀਸ ਜਾ ਅਸਲੀ ਮਾਲਕ ਦਾ ਸਬੂਤ ਨਾ ਹੋਣ ਕਾਰਨ ਜਦੋਂ ਫੈਕਟਰੀ ਵਿੱਚ ਟਰੱਕ ਜ਼ਬਤ ਕਰਨ ਲਈ ਰੇਡ ਕੀਤੀ ਗਈ ਤਾਂ ਫੈਕਟਰੀ ਮਾਲਕਾਂ ਵੱਲੋਂ ਗੇਟ ਨਾ ਖੋਲ੍ਹਣ ਕਾਰਨ ਐੱਸ ਡੀ ਐੱਮ ਤੇ ਪੁਲੀਸ ਦੀ ਹਾਜ਼ਰੀ ਵਿੱਚ ਟਰੱਕ ਨੂੰ ਮਾਰਕੀਟ ਕਮੇਟੀ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਬਿਲਟੀਆਂ ਨਾਲ ਖਰੀਦਦਾਰ ਅਤੇ ਵੇਚਣ ਵਾਲੇ ਦਾ ਕੋਈ ਸਬੂਤ ਨਹੀਂ ਮਿਲਦਾ। ਇਸ ਟਮਾਟਰ ਦੇ ਮਾਲਕ ਸਚਿਨ ਕੁਮਾਰ ਪੁੱਤਰ ਜਗਦੀਸ਼ ਕੁਮਾਰ ਜਦੋਂ ਮਾਲਕ ਬਣ ਕੇ ਆਪਣਾ ਆਧਾਰ ਕਾਰਡ ਦੇ ਰਹੇ ਸਨ, ਪਰ ਉਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ।
Advertisement
Advertisement