ਬਾਹਰੋਂ ਆਏ ਪਰਮਲ ਝੋਨੇ ਦਾ ਟਰੱਕ ਜ਼ਬਤ
ਬਾਹਰਲੇ ਰਾਜਾਂ ਤੋਂ ਪਰਮਲ ਝੋਨਾ ਪੰਜਾਬ ਵਿੱਚ ਲਿਆ ਕੇ ਵੇਚਣ ਵਿਰੁੱਧ ਕੀਤੀ ਸਖ਼ਤੀ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ’ਚ ਵੀ ਅਜਿਹੇ ਝੋਨੇ ਦਾ ਲੱਦਿਆਂ ਇੱਕ ਟਰੱਕ ਕਾਬੂ ਕੀਤਾ ਗਿਆ ਹੈ। ਕਾਬੂ ਕੀਤਾ ਗਿਆ ਇਹ ਟਰੱਕ (ਨੰਬਰ ਪੀ.ਬੀ. 06 ਏਕੇ 9782) ਭਾਵੇਂ ਰਾਜਪੁਰਾ ਖੇਤਰ ਵਿੱਚੋਂ ਲੰਘ ਗਿਆ, ਪਰ ਘਨੌਰ ਹਲਕੇ ’ਚ ਪੈਂਦੇ ਥਾਣਾ ਖੇੜੀਗੰਡਿਆਂ ਦੇ ਖੇਤਰ ’ਚ ਆਖਰ ਜਾਂਚ ਟੀਮ ਦੇ ਹੱਥੇ ਚੜ੍ਹ ਗਿਆ। ਇਸ ਸਬੰਧੀ ਟਰੱਕ ਡਰਾਈਵਰ ਪਵਨਦੀਪ ਸਿੰਘ ਵਾਸੀ ਜ਼ਿਲ੍ਹਾ ਫ਼ਿਰੋਜ਼ਪੁਰ ਸਮੇਤ ਵਪਾਰੀਆਂ ਤੇ ਦਲਾਲਾਂ ਦੇ ਖਿਲਾਫ਼ ਥਾਣਾਖੇੜੀ ਗੰਡਿਆਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਟਿਆਲਾ ਜ਼ਿਲ੍ਹੇ ’ਚ ਇਸ ਕਦਰ ਬਾਹਰੋਂ ਆਏ ਝੋਨੇ ਵਾਲਾ ਇਹ ਪਹਿਲਾ ਹੀ ਟਰੱਕ ਫੜਿਆ ਗਿਆ ਹੈ। ਅਧਿਕਾਰੀਆਂ ਦਾ ਤਰਕ ਹੈ ਕਿ ਇਹ ਜਿਲ੍ਹੇ ਅੰਦਰ ਵਧਾਈ ਗਈ ਚੌਕਸੀ ਦਾ ਹੀ ਸਿੱਟਾ ਹੈ। ਪਟਿਆਲਾ ਦਾ ਕਾਫ਼ੀ ਹਿੱਸਾ ਹਰਿਆਣਾ ਦੇ ਨਾਲ ਲੱਗਦਾ ਹੋਣ ਕਰਕੇ ਪੁਲੀਸ, ਪੰਜਾਬ ਮੰਡੀ ਬੋਰਡ ਅਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ’ਤੇ ਆਧਾਰਤ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ। ਖਾਸ ਕਰਕੇ ਐੱਸ ਐੱਸ ਪੀ ਵਰੁਣ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਖੁਦ ਇਸ ਮਿਸ਼ਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਕੜੀ ਵਜੋਂ ਰਾਜਪੁਰਾ, ਸ਼ੰਭੂ, ਘਨੌਰ, ਘੜਾਮ, ਨਨਿਓਲਾ, ਰਾਮਨਗਰ, ਸਮਾਣਾ, ਢਾਬੀਗੁੱਜਰਾਂ ਅਤੇ ਪਾਤੜਾਂ ਆਦਿ ਖੇਤਰਾਂ ’ਚ ਲਾਏ ਗਏ ਅੰਤਰਰਾਜੀ ਨਾਕਿਆਂ ’ਤੇ ਚੌਵੀ ਘੰਟੇ ਪੁਲੀਸ ਅਤੇ ਹੋਰ ਮੁਲਾਜ਼ਮਾਂ ਦੀ ਤਾਇਨਾਤੀ ਰਹਿੰਦੀ ਹੈ। ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਝੋਨੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਫਲਾਇੰਗ ਸਕੁਐਡ ’ਚ ਇੰਸਪੈਕਟਰ ਨਰਪਿੰਦਰ ਸਿੰਘ ਤੇ ਕੁਲਦੀਪ ਸਿੰਘ ਨੇ ਜਦੋਂ ਟਰੱਕ ਦੀ ਬਿੱਲ ਬਿਲਟੀ ਚੈੱਕ ਕੀਤੀ ਤਾਂ ਇਸ ਉਪਰ ਕਟਿੰਗ ਕਰ ਕੇ ਕਾਪੀ ਦੇ ਜ਼ਿਲ੍ਹਾ ਕੁਲਪਾੜਾ ਤੋਂ ਖੰਨਾ ਦੇ ਐਡਰੈੱਸ ਨੂੰ ਖੰਨਾ ਕੱਟ ਕੇ ਜੰਮੂ ਕੀਤਾ ਹੋਇਆ ਸੀ। ਇਹ ਬਾਹਰੋਂ ਸਸਤੀ ਜ਼ੀਰੀ ਲਿਆ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਦੀ ਕਾਰਵਾਈ ਹੈ ਜਿਸ ਲਈ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਅੰਦਰ ਕਿਸੇ ਵੀ ਪ੍ਰਕਾਰ ਦਾ ਅਨਾਜ ਲਿਆਉਣ ਲਈ ਉਸ ਦਾ ਬੀ.ਟੀ. ਐੱਸ ਟੋਕਨ ਹੋਣਾ ਜ਼ਰੂਰੀ ਹੈ ਪਰ ਇਹ ਗੱਡੀ ਸ਼ੱਕੀ ਜਾਪੀ ਤੇ ਇਸ ਵਿੱਚ ਪਰਮਲ ਜੀਰੀ ਮਿਲੀ ਹੈ। ਥਾਣਾ ਖੇੜੀ ਗੰਡਿਆਂ ਦੇ ਐੱਸ ਐੱਚ ਓ ਸਵਰਨ ਸਿੰਘ ਬੋਹੜਪੁਰ ਨੇ ਵੀ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।
