ਟੌਲ ਪਲਾਜ਼ਾ ਵਰਕਰਾਂ ਦਾ ਮੁਜ਼ਾਹਰਾ ਜਾਰੀ
ਇੱਥੇ ਪਟਿਆਲਾ-ਰਾਜਪੁਰਾ ਰੋਡ ’ਤੇ ਪਿੰਡ ਧਰੇੜੀ ਜੱਟਾਂ ਦੇ ਕੋਲ ਸਥਿਤ ਟੌਲ ਪਲਾਜ਼ਾ ਦੇ ਵਰਕਰਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਅੱਜ ਦੂਜੇ ਦਿਨ ਵੀ ਧਰਨਾ ਦਿੰਦਿਆਂ ਸਬੰਧਤ ਕੰਪਨੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ। ਇਸ ਦੌਰਾਨ ਉਨ੍ਹਾਂ ਰੋਸ ਵਜੋਂ ਕੁਝ ਸਮੇਂ ਲਈ ਕੰਮ ਦਾ ਬਾਈਕਾਟ ਵੀ ਕੀਤਾ। ਇਸ ਸਮੇਂ ਦੌਰਾਨ ਇੱਥੋਂ ਅਨੇਕਾਂ ਵਾਹਨ ਬਿਨਾਂ ਟੌਲ ਫ਼ੀਸ ਦਿੱਤਿਆਂ ਹੀ ਲੰਘਦੇ ਰਹੇ ਕਿਉਂਕਿ ਬਾਈਕਾਟ ਕਰਨ ਕਰ ਕੇ ਇੱਥੇ ਤਾਇਨਾਤ ਮੁਲਾਜ਼ਮਾਂ ਵੱਲੋਂ ਟੌਲ ਪਰਚੀ ਕੱਟਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਟੌਲ ਪਲਾਜ਼ਾ ਧਰੇੜੀ ਜੱਟਾਂ ਵਰਕਰਜ਼ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੱਗੀ ਦੀ ਅਗਵਾਈ ਹੇਠਾਂ ਇਨ੍ਹਾਂ ਟੌਲ ਵਰਕਰਾਂ ਨੇ ਝੰਡਿਆਂ ਨਾਲ ਲੈਸ ਹੋ ਕੇ ਟੌਲ ਪੁਆਇੰਟ ਦੇ ਨਜ਼ਦੀਕ ਹੀ ਕੰਪਨੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਖੂਬ ਭੜਾਸ ਕੱਢੀ। ਪ੍ਰਧਾਨ ਗੁਰਪ੍ਰੀਤ ਸਿੰਘ ਗੱਗੀ ਦਾ ਕਹਿਣਾ ਸੀ ਕਿ ਕੰਪਨੀ ਨੂੰ ਵਾਰ-ਵਾਰ ਕਹਿਣ ’ਤੇ ਵੀ ਟੌਲ ਕਰਮਚਾਰੀਆਂ ਦਾ ਪਿਛਲੇ ਛੇ ਮਹੀਨਿਆਂ ਦਾ ਪੀ.ਐੱਫ ਬਕਾਇਆ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਧਰਨਾਕਾਰੀਆਂਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਇਹ ਬਕਾਇਆ ਫੌਰੀ ਤੌਰ ’ਤੇ ਉਨ੍ਹਾਂ ਦੇ ਸਬੰਧਤ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾਵੇ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਦੀ ਸੂਰਤ ’ਚ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਇਸ ਤੋਂ ਵੀ ਵੱਡਾ ਐਕਸ਼ਨ ਉਲੀਕਣ ਲਈ ਮਜਬੂਰ ਹੋਣਗੇ। ਉਂਜ, ਦੇਰ ਸ਼ਾਮ ਧਰਨਾ ਸਮਾਪਤ ਕਰ ਕੇ ਇਹ ਵਰਕਰ ਮੁੜ ਆਪਣੀ ਡਿਊਟੀਂ ’ਤੇ ਹਾਜ਼ਰ ਹੋ ਗਏ ਸਨ।
