ਭੇਤ-ਭਰੀ ਹਾਲਤ ’ਚ ਤਿੰਨ ਮੱਝਾਂ ਮਰੀਆਂ
ਪਿੰਡ ਹਾਮਝੇੜ੍ਹੀ ਦੇ ਕਿਸਾਨ ਗੁਲਾਬ ਸਿੰਘ ਨੇ ਦੱਸਿਆ ਕਿ ਖੁਰਲੀਆਂ ’ਤੇ ਬੱਝੇ ਪਸ਼ੂ ਚਾਰਾ ਖਾਂਦੇ ਕੰਬਣ ਲੱਗ ਪਏ। ਸਰਕਾਰੀ ਵੈਟਰਨਰੀ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰਨ ’ਤੇ ਥੋੜ੍ਹੇ ਸਮੇਂ ਵਿੱਚ ਤਿੰਨ ਮੱਝਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਪਸ਼ੂਆਂ ਦੇ ਚਾਰੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾਈ ਹੈ।
ਮੌਕੇ ’ਤੇ ਮੌਜੂਦ ਦੁਗਾਲ ਦੇ ਸਾਬਕਾ ਸਰਪੰਚ ਦਰਬਾਰਾ ਸਿੰਘ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਵੀ ਪਸ਼ੂਆਂ ਨੂੰ ਅੱਗ ਲਾਏ ਜਾਣ ਸਣੇ ਹੋਰ ਕਈ ਘਟਨਾਵਾਂ ’ਚ ਕਈ ਕਿਸਾਨਾਂ ਦੇ ਪਸ਼ੂਆਂ ਦਾ ਜਾਨੀ ਨੁਕਸਾਨ ਹੋਣ ਨਾਲ ਵੱਡਾ ਘਾਟਾ ਪਿਆ ਹੈ। ਵੈਟਰਨਰੀ ਡਾਕਟਰ ਅਮਿਤ ਸ਼ੁਕਲਾ ਨੇ ਦੱਸਿਆ ਕਿ ਚਾਰ ਪਸ਼ੂਆਂ ਦੀ ਹਾਲਤ ਗੰਭੀਰ ਸੀ। ਉਨ੍ਹਾਂ ਗੁਲੂਕੋਜ਼ ਦੀਆਂ ਬੋਤਲਾਂ ਲਾ ਕੇ ਪਸ਼ੂ ਬਚਾਉਣ ਦੀਆਂ ਕੋਸ਼ਿਸ਼ ਕੀਤੀ ਪਰ ਤਿੰਨ ਮੱਝਾਂ ਨੂੰ ਉਹ ਬਚਾਅ ਨਹੀਂ ਸਕੇ, ਬਲਦ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਮੌਤ ਕੋਈ ਜ਼ਹਿਰੀਲੀ ਵਸਤੂ ਨਿਗਲਣ ਨਾਲ ਹੋਈ ਹੈ, ਪੂਰੀ ਸੱਚਾਈ ਪੋਸਟਮਾਰਟਮ ਮਗਰੋਂ ਸਾਹਮਣੇ ਆਵੇਗੀ। ਪੁਲੀਸ ਦੇ ਪੜਤਾਲੀਆ ਅਫ਼ਸਰ ਨੇ ਦੱਸਿਆ ਕਿ ਕਿਸਾਨ ਗੁਲਾਬ ਸਿੰਘ ਦੇ ਬਿਆਨ ਲੈ ਲਏ ਹਨ ਅਤੇ ਪੜਤਾਲ ਕਰਨ ਮਗਰੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।