ਚੋਰਾਂ ਨੇ ਦੋ ਦੁਕਾਨਾਂ ਦੇ ਸ਼ਟਰ ਤੋੜੇ
ਇੱਥੋਂ ਨੇੜਲੇ ਪਿੰਡ ਮਸੀਂਗਣ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਹੈ। ਖੇਤਰ ਵਿੱਚ ਦੋ ਮਹੀਨਿਆਂ ’ਚ ਚੋਰੀ ਦੀਆਂ 18 ਵਾਰਦਾਤਾਂ ਹੋ ਚੁੱਕੀਆਂ ਹਨ। ਲੰਘੀ ਰਾਤ ਵੀ ਪਿੰਡ ਵਿੱਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਰਾਤ ਲਗਪਗ 2 ਵਜੇ ਚੋਰਾਂ ਨੇ ਕੁਲਵੰਤ ਸਿੰਘ ਦੀ ਦੁਕਾਨ ਦੇ ਸ਼ਟਰ ਤੋੜ ਦਿੱਤੇ। ਇਸ ਦੌਰਾਨ ਚੋਰ ਦੁਕਾਨ ਵਿੱਚੋਂ 30,000 ਰੁਪਏ ਨਕਦ, ਰਿਫਾਇੰਡ ਘਿਓ ਦੀਆਂ 20 ਪੇਟੀਆਂ, ਚੌਲਾਂ ਦੀਆਂ 30 ਬੋਰੀਆਂ ਤੇ ਦਾਲਾਂ ਦੀਆਂ 4 ਬੋਰੀਆਂ ਕਰ ਕੇ ਲੈ ਗਏ। ਇਸੇ ਤਰ੍ਹਾਂ ਇਕ ਹੋਰ ਦੁਕਾਨ ਵਿੱਚ ਵੀ ਚੋਰੀ ਹੋਈ। ਦੁਕਾਨਾਂ ਦੇ ਸ਼ਟਰ ਤੋੜਨ ਤੋਂ ਬਾਅਦ ਚੋਰ ਆਸਾਨੀ ਨਾਲ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧ ਰਹੀਆਂ ਹਨ ਪਰ ਪੁਲੀਸ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਨਹੀਂ ਕਰ ਰਿਹਾ। ਇਸ ਤੋਂ ਪਹਿਲਾਂ ਵੀ ਪਿੰਡ ਦੇ ਕਿਸਾਨਾਂ ਦੀਆਂ ਤਾਰਾਂ ਅਤੇ ਮੋਟਰਾਂ ਦੇ ਸਟਾਰਟਰ ਚੋਰੀ ਹੋ ਚੁੱਕੇ ਹਨ। ਕਿਸਾਨਾਂ ਨੇ ਚੋਰਾਂ ਦੀ ਪਛਾਣ ਕਰਕੇ ਪੁਲੀਸ ਨੂੰ ਦਰਖਾਸਤ ਵੀ ਦਿੱਤੀ ਹੈ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਪਿੰਡ ਦੇ ਮੋਹਤਬਰਾਂ ਬਲਵਿੰਦਰ ਸਿੰਘ, ਓਮ ਪ੍ਰਕਾਸ਼, ਹਰਬੀਰ ਸਿੰਘ, ਗੁਰਚਰਨ ਸਿੰਘ, ਪ੍ਰਦੀਪ ਕੁਮਾਰ, ਬਿਕਰਮ ਸਿੰਘ, ਅਨੂਪ ਸਿੰਘ, ਧਰਮਿੰਦਰ ਸਿੰਘ ਮਸੀਂਗਣ, ਚੜਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਰਣਜੀਤ ਸਿੰਘ ਅਤੇ ਹਰਨੇਕ ਸਿੰਘ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਵਿੱਚ ਰਾਤ ਨੂੰ ਸੁਰੱਖਿਆ ਵਧਾਈ ਜਾਵੇ। ਚੋਰੀ ਦੀ ਵਾਰਦਾਤ ਸਬੰਧੀ ਜਦੋਂ ਥਾਣਾ ਜੁਲਕਾਂ ਤੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ।