ਦੇਵੀਗੜ੍ਹ ਦੇ ਬਾਜ਼ਾਰਾਂ ਵਿੱਚ ਹੁੱਲੜਬਾਜ਼ਾਂ ਦੀ ਭਰਮਾਰ
ਕਸਬਾ ਦੇਵੀਗੜ੍ਹ ਵੀ ਅੱਜ-ਕੱਲ੍ਹ ਹੁੱਲੜਬਾਜ਼ਾਂ ਦੀਆਂ ਗਤੀਵਿਧੀਆਂ ਵਧਣ ਕਾਰਨ ਕਸਬੇ ਵਿੱਚ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਕਈ ਥਾਵਾਂ ’ਤੇ ਸਕੂਲਾਂ ਦੀ ਛੁੱਟੀ ਸਮੇਂ ਹੁੱਲੜਬਾਜ਼ ਇੱਕ-ਇੱਕ ਮੋਟਰਸਾਈਕਲ ’ਤੇ ਤਿੰਨ-ਤਿੰਨ, ਚਾਰ-ਚਾਰ ਸਵਾਰ ਹੋ ਕੇ ਕਸਬੇ ਵਿੱਚ ਗੇੜੀਆਂ ਲਗਾਉਂਦੇ ਹਨ, ਜਿਨ੍ਹਾਂ ਨੂੰ ਨਾ ਪੁਲੀਸ ਅਤੇ ਨਾ ਪ੍ਰਸ਼ਾਸਨ ਦਾ ਖੌਫ਼ ਹੈ। ਬਾਜ਼ਾਰਾਂ ਵਿੱਚ ਸਕੂਲਾਂ ਦੀ ਛੁੱਟੀ ਸਮੇਂ ਵਾਹਨਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਇਹ ਹੁੱਲੜਬਾਜ਼ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਗਲੀਆਂ ਵਿੱਚ ਟੋਲੀਆਂ ਬੰਨ੍ਹ ਕੇ ਘੁੰਮਦੇ ਹਨ ਪਰ ਪ੍ਰਸ਼ਾਸਨ ਅਤੇ ਪੁਲੀਸ ਬੇਖਬਰ ਨਜ਼ਰ ਆ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਹੁੱਲੜਬਾਜ਼ ਕਈ ਵਾਰ ਬੇਵਜ੍ਹਾ ਝਗੜਾ ਮੁੱਲ ਲੈਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਸਾਈਲੈਂਸਰ ਖੋਲ੍ਹ ਕੇ ਸ਼ੋਰ ਮਚਾਉਂਦੇ ਹਨ ਅਤੇ ਪਟਾਕੇ ਮਰਵਾਉਂਦੇ ਹਨ। ਟਰੈਕਟਰਾਂ ਉਪਰ ਲੱਗੇ ਡੈੱਕਾਂ ਦੀ ਆਵਾਜ਼ ਉੱਚੀ ਛੱਡ ਕੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਾਉਂਦੇ ਹਨ।
ਪ੍ਰਸ਼ਾਸਨ ਤੇ ਪੁਲੀਸ ਤੋਂ ਕਾਰਵਾਈ ਦੀ ਮੰਗ
Advertisementਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਅਤੇ ਪੁਲੀਸ ਨੇ ਸਮੇਂ ਸਿਰ ਹੁੱਲੜਬਾਜ਼ਾ ਨੂੰ ਨੱਥ ਨਾ ਪਾਈ ਤਾਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਕੂਲੀ ਵਿਦਿਆਰਥੀਆਂ ਵਿੱਚ ਵੀ ਡਰ ਦਾ ਮਾਹੌਲ ਹੈ। ਸ਼ਹਿਰ ਦੇ ਮੋਹਤਬਰਾਂ ਅਤੇ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਸਬੇ ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ ਅਤੇ ਸ਼ਹਿਰ ਵਿੱਚ ਪੁਲੀਸ ਚੌਕੀ ਸਥਾਪਤ ਕੀਤੀ ਜਾਵੇ।
 
 
             
            