ਘੱਗਰ ਦਾ ਹਰਚੰਦਪੁਰਾ ਬੰਨ੍ਹ ਟੁੱਟਣ ਦਾ ਖ਼ਤਰਾ ਟਲਿਆ
ਬਾਦਸ਼ਾਹਪੁਰ ਨੇੜਲੇ ਪਿੰਡ ਹਰਚੰਦਪੁਰ ਕੋਲ ਘੱਗਰ ਦੇ ਬੰਨ੍ਹ ਦੇ ਟੁੱਟਣ ਖ਼ਤਰਾ ਟਲ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ ਰਾਤ ਹਰਚੰਦਪੁਰ ਦੇ ਕੋਲੋਂ ਗੁਜ਼ਰਦੇ ਘੱਗਰ ਦੇ ਕੰਢੇ ਤੇਜ਼ ਪਾਣੀ ਦੇ ਵਹਾਅ ਦੀ ਵਜ੍ਹਾ ਕਮਜ਼ੋਰ ਪੈ ਗਏ ਸਨ, ਜਿਸ ਤੋਂ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਸੀ। ਅਜਿਹੀ ਸਥਿਤੀ ਮਗਰੋਂ ਅੱਜ ਇਸ ਬੰਨ੍ਹ ਦੀ ਬੇਹਤਰੀ ਲਈ ਪ੍ਰਸ਼ਾਸਨ ਮੁਸਤੈਦ ਰਿਹਾ। ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਇਸ ਇਲਾਕੇ ਦਾ ਦੌਰਾ ਵੀ ਕੀਤਾ। ਇਸ ਮੌਕੇ ਐਸ.ਡੀ.ਐਮ ਨੇ ਦੱਸਿਆ ਕਿ ਘੱਗਰ ਵਿੱਚ ਪਿਛਲੇ ਦਿਨਾਂ ਤੋਂ ਵੱਧ ਰਹੇ ਪਾਣੀ ’ਤੇ ਪ੍ਰਸ਼ਾਸਨ ਵੱਲੋਂ ਪੂਰੀ ਨਜ਼ਰ ਰੱਖਦੇ ਹੋਏ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਅਤੇ ਬਾਦਸ਼ਾਹਪੁਰ ਤੇ ਸ਼ੁਤਰਾਣਾ ਖੇਤਰ ਵਿੱਚ ਕੋਈ ਬੰਨ੍ਹ ਨਹੀਂ ਟੁੱਟਿਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹਤਿਆਤ ਵਜੋਂ ਇਥੇ ਫ਼ੌਜ ਦੀ ਮਦਦ ਲਈ ਜਾ ਰਹੀ ਹੈ ਤੇ ਅੱਜ ਡਰੇਨੇਜ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਫ਼ੌਜ ਤੇ ਸਥਾਨਕ ਵਸਨੀਕਾਂ ਦੀ ਮਦਦ ਨਾਲ ਹਰਚੰਦਪੁਰਾ ਬੰਨ੍ਹ ਨੂੰ ਬੋਰੀਆਂ ਲਗਾ ਕੇ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੁਰਾਣੀਆਂ ਤਸਵੀਰਾਂ ਪਾ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋ ਕਿ ਅਪਰਾਧ ਹੈ। ਇਸ ਮੌਕੇ ਐੱਸਡੀਐੱਮ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੁਤਰਾਣਾ, ਗੁਰਦੁਆਰਾ ਸਾਹਿਬ ਬਹਿਰ ਸਾਹਿਬ ਜੀ, ਸਰਕਾਰੀ ਪ੍ਰਾਇਮਰੀ ਸਕੂਲ, ਬਕਰਾਹਾ, ਸਰਕਾਰੀ ਕਿਰਤੀ ਕਾਲਜ ਪਿੰਡ ਨਿਆਲ ਵਿੱਚ ਰਾਹਤ ਕੇਂਦਰ ਬਣਾਏ ਗਏ ਹਨ।