ਟਾਂਗਰੀ ਨਦੀ ਦਾ ਨਿਕਾਸੀ ਗੇਟ ਨਹੀਂ ਰੋਕ ਸਕਿਆ ਪਾਣੀ
ਦੇਵੀਗੜ੍ਹ ਤੋਂ ਥੋੜ੍ਹੀ ਦੂਰ ਪਿੰਡ ਦੂਧਨ ਗੁੱਜਰਾਂ ਨੇੜੇ ਵਹਿੰਦੀ ਟਾਂਗਰੀ ਨਦੀ ਦਾ ਜੇਕਰ ਕੋਈ ਬੰਨ੍ਹ ਟੁੱਟ ਜਾਵੇ ਤਾਂ ਇਹ ਦਰਜਨਾਂ ਪਿੰਡਾਂ ਦੀਆਂ ਫ਼ਸਲਾਂ, ਟਿਊਬਵੈੱਲਾਂ ਅਤੇ ਮਕਾਨਾਂ ਦਾ ਭਾਰੀ ਨੁਕਸਾਨ ਕਰਦੀ ਹੈ।
ਨਦੀ ਵਿੱਚ ਹੜ੍ਹ ਦੇ ਪਾਣੀ ਤੋਂ ਫ਼ਸਲਾਂ ਅਤੇ ਹੋਰ ਨੁਕਸਾਨ ਤੋਂ ਬਚਾਅ ਲਈ ਪਿੰਡ ਦੂਧਨ ਗੁੱਜਰਾਂ ਨੇੜੇ ਪੱਛਮ ਵਾਲੇ ਬੰਨ੍ਹ ਉਪਰ ਇਸ ਵਾਰ ਡਰੇਨੇਜ ਵਿਭਾਗ ਵੱਲੋਂ ਤਕਰੀਬਨ ਸਵਾ ਕਰੋੜ ਰੁਪਏ ਲਗਾ ਕੇ ਪਾਣੀ ਲਈ ਡਿਸਚਾਰਜ ਗੇਟ ਬਣਾਏ ਗਏ ਸਨ ਤਾਂ ਕਿ ਟਾਂਗਰੀ ਨਦੀ ਤੋਂ ਬਾਹਰ ਵਾਲੇ ਪਿੰਡਾਂ ਵਿੱਚ ਜੇਕਰ ਹੜ੍ਹ ਆ ਜਾਵੇ ਤਾਂ ਇਨ੍ਹਾਂ ਗੇਟਾਂ ਰਾਹੀਂ ਇਸ ਪਾਣੀ ਨੂੰ ਟਾਂਗਰੀ ਨਦੀ ਵਿੱਚ ਪਾਇਆ ਜਾਵੇ ਪਰ ਸਬੰਧਤ ਵਿਭਾਗ ਵੱਲੋਂ ਜੋ ਇਹ ਗੇਟ ਬਣਾਏ ਗਏ ਹਨ, ਉਹ ਟਾਂਗਰੀ ਨਦੀ ਦਾ ਪਾਣੀ ਰੋਕ ਨਹੀਂ ਸਕੇ ਤੇ ਨਦੀ ਦਾ ਪਾਣੀ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ। ਇਸ ਗੇਟ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਜੋ ਉਮੀਦ ਉਨ੍ਹਾਂ ਨੂੰ ਸੀ ਕਿ ਇਹ ਗੇਟ ਟਾਂਗਰੀ ਦੇ ਅੰਦਰਲਾ ਪਾਣੀ ਬਾਹਰ ਨਹੀਂ ਨਿਕਲਣ ਦੇਣਗੇ ਪਰ ਹੋਇਆ ਇਸ ਦੇ ਉਲਟ। ਇਸ ਸਮੇਂ ਕਈ ਪਿੰਡਾਂ ਦੇ ਲੋਕ ਇਸ ਗੇਟ ਦੇ ਨਜ਼ਦੀਕ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਦਿਨ ਰਾਤ ਇਸ ਬੰਨ੍ਹ ਤੇ ਪਹਿਰਾ ਦੇ ਰਹੇ ਹਨ ਅਤੇ ਜਿੱਥੇ ਕਿਤੇ ਮਿੱਟੀ ਪਾਉਣ ਦੀ ਲੋੜ ਪੈਂਦੀ ਹੈ ਉੱਥੇ ਮਿੱਟੀ ਪਾ ਰਹੇ ਹਨ ਤਾਂ ਕਿਤੇ ਇਹ ਬੰਨ੍ਹ ਟੁੱਟ ਨਾ ਜਾਵੇ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੇਟ ਨੂੰ ਸਹੀ ਅਰਥਾਂ ਵਿੱਚ ਠੀਕ ਕੀਤਾ ਜਾਵੇ। ਇਸ ਸਬੰਧੀ ਜਦੋਂ ਡਰੇੇਨੇਜ ਵਿਭਾਗ ਦੇ ਐੱਸਡੀਓ ਨੇ ਕਿਹਾ ਕਿ ਇਸ ਡਿਸਚਾਰਜ ਗੇਟ ਨੂੰ ਬੜੇ ਚੰਗੇ ਤਰੀਕੇ ਨਾਲ ਬਣਾਇਆ ਗਿਆ ਸੀ ਪਰ ਜੇਕਰ ਫਿਰ ਵੀ ਕਿਤੇ ਕੋਈ ਕਮੀ ਰਹਿ ਗਈ ਹੈ ਤਾਂ ਬਰਸਾਤਾਂ ਤੋਂ ਬਾਅਦ ਉਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ।