ਲੜਕੀ ਤੋਂ ਮੋਬਾਈਲ ਖੋਹਣ ਵਾਲੇ ਝਪਟਮਾਰ ਤੁਰੰਤ ਕਾਬੂ
ਇੱਥੇ ਸਰਹਿੰਦ ਬਾਈਪਾਸ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਝਪਟ ਮਾਰ ਕੇ ਸਕੂਟਰੀ ਸਵਾਰ ਲੜਕੀ ਤੋਂ ਉਸ ਦਾ ਮੋਬਾਈਲ ਖੋਹ ਲਿਆ। ਇਸ ਸਬੰਧੀ ਪੀੜਤਾ ਦੇ ਪਿਤਾ ਵੱਲੋਂ ਤੁਰੰਤ ਹੀ ਪੁਲੀਸ ਹੈਲਪਲਾਈਨ ਨੰਬਰ ’ਤੇ ਫੋਨ ਕਰ ਕੇ ਘਟਨਾ ਦੀ ਇਤਲਾਹ ਦੇਣ ’ਤੇ ਥਾਣਾ ਅਨਾਜ ਮੰਡੀ ਪਟਿਆਲਾ ਦੇ ਐੱਸਐੱਚਓ ਗੁਰਨਾਮ ਸਿੰਘ ਘੁੰਮਣ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਤੁਰੰਤ ਤਿੰਨੋਂ ਝਪਟਮਾਰ ਦਬੋਚ ਲਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ ਵੀ ਬਰਾਮਦ ਕਰ ਲਿਆ ਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ। ਇਸ ਕਾਰਵਾਈ ਸਬੰਧੀ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਥਾਣਾ ਮੁਖੀ ਗੁਰਨਾਮ ਘੁੰਮਣ ਸਮੇੇਤ ਪੁਲੀਸ ਟੀਮ ਦੇ ਬਾਕੀ ਮੈਂਬਰਾਂ ਦੀ ਵੀ ਪਿੱਠ ਥਾਪੜੀ। ਐੱਸਐੱਸਪੀ ਨੇ ਦੱਸਿਆ ਕਿ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਹਰਪਾਲ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਪਿੰਡ ਅਲੀਪੁਰ ਅਰਾਈਆਂ ਵੱਲੋਂ ਹੈਲਪਲਾਈਨ ਨੰਬਰ 112 ’ਤੇ ਫੋਨ ਕਰ ਕੇ ਇਤਲਾਹ ਦਿੱਤੀ ਗਈ ਸੀ ਕਿ ਉਸ ਦੀ ਲੜਕੀ ਜਦੋਂ ਕਾਲਜ ਤੋਂ ਘਰ ਪਰਤ ਰਹੀ ਸੀ ਤਾਂ ਰਣਜੀਤ ਵਿਹਾਰ ਕੋਲ ਐਕਟਿਵਾ ’ਤੇ ਆਏ ਤਿੰਨ ਨੌਜਵਾਨ ਉਸ ਦੇ ਹੱਥੋਂ ਵੀਵੋ ਕੰਪਨੀ ਦਾ ਮੋਬਾਈਲ ਖੋਹ ਕੇ ਲੈ ਗਏ। ਇਹ ਸੁਨੇਹਾ ਮਿਲਦਿਆਂ ਹੀ ਥਾਣਾ ਅਨਾਜ ਮੰਡੀ ਦੇ ਮੁਖੀ ਗੁਰਨਾਮ ਸਿੰਘ ਘੁੰਮਣ ਅਤੇ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਸਮੇਤ ਹੋਰ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਕੁਝ ਮਿੰਟਾਂ ਹੀ ’ਚ ਇਨ੍ਹਾਂ ਝਪਟਮਾਰਾਂ ਨੂੰ ਦਬੋਚ ਲਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਮਗਰੋਂ ਇਹ ਲੜਕੀ ਆਪਣੇ ਘਰ ਮਗਰੋਂ ਪਹੁੰਚੀ ਤੇ ਉਸ ਨੂੰ ਥਾਣਿਓਂ ਸੁਨੇਹਾ ਪਹਿਲਾਂ ਆ ਗਿਆ ਕਿ ਉਸ ਦਾ ਫੋਨ ਰਿਕਵਰ ਕਰ ਲਿਆ ਗਿਆ ਹੈ। ਡੀਐੱਸਪੀ ਸਿਟੀ 1 ਜੰਗਜੀਤ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਰੋਡਾ, ਅਨਮੋਲ ਅਤੇ ਮਨੀ ਕੁਮਾਰ ਮਨੀ ਵਾਸੀਆਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
