ਵਿਰਸਾ ਵਿਹਾਰ ਕੇਂਦਰ ’ਚ ਨਾਟਕ ‘ਮੇਰਾ ਰੰਗ ਦੇ ਬਸੰਤੀ ਚੋਲਾ’ ਖੇਡਿਆ
ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐੱਨਜੈੱਡਸੀਸੀ) ਪਟਿਆਲਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਰੰਗ ਮੰਚ ਅੰਮ੍ਰਿਤਸਰ ਦੇ ਥੀਏਟਰ ਗਰੁੱਪ ਵੱਲੋਂ ਕੇਵਲ ਧਾਲੀਵਾਲ ਦੇ ਨਿਰਦੇਸ਼ਨਾ ਹੇਠ ‘ਮੇਰਾ ਰੰਗ ਦੇ ਬਸੰਤੀ ਚੋਲਾ’ ਨਾਟਕ ਦਾ ਮੰਚਨ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿੱਚ ਕੀਤਾ ਗਿਆ। ਸਮਾਗਮ ਵਿੱਚ ਸ਼ਾਮਲ ਸਾਰੇ ਕਲਾਕਾਰਾਂ, ਸਾਹਿਤਕਾਰਾਂ, ਲੇਖਕਾਂ ਅਤੇ ਸਮਾਜ ਸੇਵਕਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਅਹਿਦ ਲਿਆ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ‘ਮੇਰਾ ਰੰਗ ਦੇ ਬਸੰਤੀ ਚੋਲਾ’ ਨਾਟਕ ਭਗਤ ਸਿੰਘ ਦੇ ਵਿਚਾਰਾਂ ਦੇ ਅਨੁਸਾਰ ਪੱਕੇ ਇਰਾਦੇ, ਬਲਸ਼ਾਲੀ, ਕੁਰਬਾਨੀ ਅਤੇ ਇਨਕਲਾਬ ਵੱਲ ਵਧਣ ਦਾ ਇਸ਼ਾਰਾ ਕਰਦਾ ਹੈ ਕਿਉਂਕਿ ਭਗਤ ਸਿੰਘ ਨੇ ਆਪਣੇ ਸੁਪਨਿਆਂ ਦੀ ਗੱਲ ਆਪਣੇ ਮਾਤਾ ਪਿਤਾ, ਬਾਪ ਦਾਦਾ, ਦੋਸਤਾਂ ਅਤੇ ਨੌਜਵਾਨਾਂ ਨਾਲ ਸਾਂਝੀ ਕੀਤੀ ਸੀ ਤੇ ਸੱਚ ਮੁਚ ਹੀ ਉਹੀ ਸਮੇਂ ਦਾ ਅਸਲੀ ਸੱਚ ਸੀ ਜਿਸ ਨੂੰ ਉਨ੍ਹਾਂ ਨੇ ਪੂਰਾ ਕੀਤਾ। ਨਾਟਕ ਵਿੱਚ ਸ਼ਾਮਲ ਪਾਤਰਾਂ ਨੂੰ ਸਾਜਨ ਕੋਹੇਨੂਰ, ਡੋਲੀ ਸਦਲ, ਗੁਰਦਿੱਤ ਪਾਲ ਸਿੰਘ, ਵਿਸ਼ੂ ਸ਼ਰਮਾ ਸਨੇਹ, ਨੋਸ਼ਨ ਸਿੰਘ, ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੇ ਬਾਖ਼ੂਬੀ ਨਿਭਾਇਆ ਜਦਕਿ ਕੁਸ਼ਿਆਰ ਸਿੰਘ ਦੇ ਸੰਗੀਤ ਨੇ ਨਾਟਕ ਦੀ ਪੇਸ਼ਕਾਰੀ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਕੇਂਦਰ ਦੇ ਡਾਇਰੈਕਟਰ ਜਨਾਬ ਐੱਮ ਫ਼ੁਰਕਾਨ ਖ਼ਾਨ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ ਜਿਸ ਦੀ ਪ੍ਰੇਰਨਾ ਨਾਲ ਅੱਜ ਦਾ ਯੁਵਾ ਸਮਾਜ ਨਕਸ਼ਾ ਬਦਲ ਸਕਦਾ ਹੈ। ਇਸ ਮੌਕੇ ਕੇਂਦਰ ਵੱਲੋਂ ਸਾਰੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।