ਹੜ੍ਹਾਂ ’ਚ ਰੁੜੀਆਂ ਸੜਕਾਂ ਦੀ ਮੁਰੰਮਤ ਕਰਵਾਉਣਾ ਭੁੱਲੀ ਸਰਕਾਰ
ਪੇਂਡੂ ਖੇਤਰ ਵਿੱਚ ਦੋ ਸਾਲ ਪਹਿਲਾਂ ਆਏ ਹੜ੍ਹਾਂ ਵਿੱਚ ਵਹਿ ਚੁੱਕੀਆਂ ਸੜਕਾਂ ਦੀ ਸਰਕਾਰ ਵੱਲੋਂ ਅਜੇ ਤੱਕ ਮੁਰੰਮਤ ਨਹੀਂ ਕੀਤੀ ਗਈ। ਇਨ੍ਹਾਂ ਸੜਕਾਂ ’ਤੇ ਸਫ਼ਰ ਸਮੇਂ ਮੁਸ਼ਕਲਾਂ ਆਉਂਦੀਆਂ ਹਨ। ਵਾਹਨਾਂ ਦੀ ਟੁੱਟ-ਭੱਜ ਤੇ ਉੱਡਦੀ ਧੂੜ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਐਮਰਜੈਂਸੀ ਸਮੇਂ ਕਿਸੇ ਮਰੀਜ਼ ਨੂੰ ਹਸਪਤਾਲ ਵਿੱਚ ਲਿਜਾਣ ਲਈ ਵੀ ਦਿੱਕਤ ਆਉਂਦੀ ਹੈ।
ਘੱਗਾ ਤੋਂ ਪਿੰਡ ਬ੍ਰਾਹਮਣ ਮਾਜਰਾ ਦੀ ਸੜਕ ਅਕਾਲੀ-ਭਾਜਪਾ ਸਰਕਾਰ ਸਮੇਂ ਵਿਧਾਇਕਾ ਵਨਿੰਦਰ ਕੌਰ ਲੂੰਬਾ ਵੱਲੋਂ ਬਣਾਈ ਗਈ ਸੀ। ਇਸ ਸੜਕ ਨੂੰ ਦੁਬਾਰਾ ਬਣਾਉਣ ਦੀ ਥਾਂ ਕਾਂਗਰਸ ਸਰਕਾਰ ਨੇ ਪੈਚ ਲਾਏ ਸਨ ਜੋ ਕੁਝ ਦਿਨਾਂ ਵਿੱਚ ਹੀ ਖਿੱਲਰ ਗਏ ਸਨ। ਹੁਣ ਸੜਕ ਵਿੱਚ ਡੂੰਘੇ ਟੋਏ ਪੈ ਚੁੱਕੇ ਹਨ। ਪਿੰਡ ਦਫਤਰੀਵਾਲਾ ਤੋਂ ਧੂਹੜ ਜਾਣ ਵਾਲੀ ਸੜਕ ਵਿੱਚ ਪਏ ਡੂੰਘੇ ਖੱਡਿਆਂ ਨੂੰ ਮਿੱਟੀ ਪਾ ਕੇ ਪੂਰਿਆ ਗਿਆ ਸੀ। ਬਰਸਾਤ ਵਿੱਚ ਚਿੱਕੜ ਅਤੇ ਆਮ ਦਿਨਾਂ ਵਿੱਚ ਉੱਡਦੀ ਧੂੜ ਰਾਹਗੀਰਾਂ ਨੂੰ ਤੰਗ ਕਰਦੀ ਹੈ। ਪਾਤੜਾਂ-ਪਟਿਆਲਾ ਸੜਕ ਨੂੰ ਜੋੜਦੀ ਪਿੰਡ ਬਕਰਾਹਾ ਦੀ ਸੜਕ, ਕਕਰਾਲਾ ਤੋਂ ਬੁਜਰਕ ਅਤੇ ਬਰਾਸ ਨੂੰ ਜੋੜਦੀ ਲਿੰਕ ਸੜਕਾਂ ਮੁਰੰਮਤ ਉਡੀਕ ਰਹੀਆਂ ਹਨ। ਉੱਗੋਕੇ ਮੰਡੀ ਤੋਂ ਬਾਦਸ਼ਾਹਪੁਰ, ਰਾਮਪੁਰ ਪੜਤਾ, ਦੁਆਰਕਾ ਪੁਰ ਅਤੇ ਉਝਾ ਰਾਹੀਂ ਹਰਿਆਣਾ ਨਾਲ ਜੋੜਦੀ ਸੜਕ ’ਤੇ ਵਾਹਨ ਤਾਂ ਦੂਰ ਪੈਦਲ ਚੱਲਣਾ ਵੀ ਮੁਸ਼ਕਿਲ ਹੈ। ਇਸ ਤੋਂ ਵੱਡੀ ਗਿਣਤੀ ਵਿਦਿਆਰਥੀ ਬਾਦਸ਼ਾਹਪੁਰ ਦੇ ਸਕੂਲ ਆਉਂਦੇ ਹਨ।
ਇਸੇ ਤਰ੍ਹਾਂ ਬਕਰਾਹਾ ਤੋਂ ਸਧਾਰਨਪੁਰ, ਅਰਨੇਟੂ ਜਾਣ ਵਾਲੀ ਸੜਕ ਹੜ੍ਹਾਂ ਵਿੱਚ ਰੁੜ੍ਹ ਗਈ ਸੀ। ਸੜਕ ’ਤੇ ਮਿੱਟੀ ਪਾ ਕੇ ਬਣਾਏ ਰਸਤੇ ਰਾਹੀਂ ਸਕੂਲ ਆਉਣ ਵਾਲੇ ਬੱਚਿਆਂ ਤੇ ਹੋਰ ਲੋਕਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਫ਼ਰ ਕਰਨਾ ਪੈਂਦਾ ਹੈ। ਪਿੰਡ ਨਿਆਲ ਤੋਂ ਬੰਣਵਾਲਾ, ਤੰਬੂਵਾਲਾ, ਡਰੋਲੀ, ਬਕਰਾਹਾ ਅਤੇ ਹੋਰ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮ ਨਗਰ ਚਿਚੜਵਾਲਾ ਤੇ ਇਤਿਹਾਸਕ ਗੁਰਦੁਆਰੇ ਬਹਿਰ ਸਾਹਿਬ ਤੇ ਹਰਿਆਣਾ ਨਾਲ ਜੋੜਦੀਆਂ ਸੜਕਾਂ ਦੀ ਖ਼ਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਹਨ, ਉਨ੍ਹਾਂ ਵਿੱਚ ਸਰਕਾਰ ਖ਼ਿਲਾਫ਼ ਰੋਸ ਹੈ।
ਇਸ ਸਬੰਧੀ ਕਰਨ ਸਿੰਘ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰ ਨਿਧਾਨ ਸਿੰਘ ਜੈਖਰ, ਭਗਵੰਤ ਸਿੰਘ ਸ਼ੁਤਰਾਣਾ, ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ, ਹਲਕਾ ਸ਼ੁਤਰਾਣਾ ਦੇ ਆਗੂ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਿਰ ਦੋਸ਼ ਮੜ੍ਹਨ ਵਾਲੇ ਹਲਕਾ ਵਿਧਾਇਕ ਇਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਹੜ੍ਹਾਂ ਦੀ ਮਾਰ ਹੇਠ ਆਈਆਂ ਸੜਕਾਂ ਵਿੱਚੋਂ ਕਿਸੇ ਇਕ ਦੀ ਮੁਰੰਮਤ ਕਰਵਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਨਹੀਂ।