ਪਰਿਵਾਰ ਨੇ ਸੰਭਾਲਿਆ ਹਰਮੇਲ ਟੌਹੜਾ ਦਾ ਅੰਗੀਠਾ
ਭਾਵੇਂ ਹਰਮੇਲ ਸਿੰਘ ਟੌਹੜਾ ਨੇ ਸਮਾਜ ਅੰਦਰ ਆਪਣੀ ਨਿਵੇਕਲੀ ਛਾਪ ਬਰਕਰਾਰ ਰੱਖੀ ਪਰ ਮੁੱਖ ਰੂਪ ਵਿੱਚ ਉਨ੍ਹਾਂ ਦਾ ਟੌਹੜਾ ਦੇ ਜਵਾਈ ਹੋਣ ਕਰਕੇ ਵੀ ਸਮਾਜ ਅੰਦਰ ਚੰਗਾ ਰੁਤਬਾ ਅਤੇ ਮਾਣ ਸਨਮਾਨ ਰਿਹਾ ਹੈ, ਜਿਸ ਤਹਿਤ ਹੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੱਖ ਵੱਖ ਵਰਗਾਂ ਦੇ ਲੋਕ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕਰਨ ਲਈ ਪਰਿਵਾਰ ਕੋਲ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ।
ਅੱਜ ਦੂਜੇ ਦਿਨ ਵੀ ਟੌਹੜਾ ਦੇ ਘਰ ਵੱਖ ਵੱਖ ਰਾਜਸੀ, ਧਾਰਮਿਕ ਤੇ ਹੋਰ ਆਗੂਆਂ ਅਤੇ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਹਰਮੇਲ ਸਿੰਘ ਦੀ ਧਰਮ ਪਤਨੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦੋਵਾਂ ਪੁੱਤਰਾਂ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਸਣੇ ਪਰਿਵਾਰ ਦੇ ਹੋਰਨਾ ਮੈਂਬਰਾਂ ਨਾਲ ਵੀ ਦੁੱਖ ਸਾਂਝਾ ਕੀਤਾ। ਟੌਹੜਾ ਪਰਿਵਾਰ ਦੀ ਕੁੜਮਣੀ ਤੇ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੇਲਪੁਰ, ਪ੍ਰਿੰਸੀਪਲ ਭਰਪੂਰ ਸਿੰਘ ਲੌਟ ਤੇ ਕਈ ਹੋਰ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਅਕਾਲੀ ਦਲ ਸੁਧਾਰ ਲਹਿਰ ਦੇ ਬੁਲਾਰੇ ਰਣਧੀਰ ਸਿੰਘ ਸਮੂਰਾਂ, ਸਾਬਕਾ ਵਿਧਾਇਕ ਕੇਵਲ ਢਿੱਲੋਂ ਤੇ ਕੁਲਵੀਰ ਜ਼ੀਰਾ, ਸੁਰਿੰਦਰ ਢਿੱਲੋ, ਵਿਸ਼ਨੂ ਸ਼ਰਮਾ, ਸੀਆਰਪੀ ਦੇ ਸਾਬਕਾ ਡੀਜੀਪੀ ਅਮਰਜੋਤ ਗਿੱਲ, ਮੈਨੇਜਰ ਜਗੀਰ ਸਿੰਘ, ਮੈਨੇਜਰ ਕਰਮ ਸਿੰਘ, ਗੁਰਪ੍ਰੀਤ ਹਾਂਡਾ, ਭੁਪਿੰਦਰ ਚੀਮਾ, ਹਰਬੰਸ ਲੰਗ ਅਤੇ ਹਰਬੰਸ ਮੰਝਪੁਰ ਵੀ ਘਰ ਆ ਕੇ ਪਰਿਵਾਰ ਨੂੰ ਮਿਲੇ।
ਟੌਹੜਾ ਪਰਿਵਾਰ ਦੇ ਕਰੀਬੀ ਸਨੀ ਟੌਹੜਾ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸੁਖਜਿੰਦਰ ਟੌਹੜਾ ਸਮੇਤ ਅਨੇਕਾਂ ਹੋਰ ਵੀ ਮੌਜੂਦ ਰਹੇ। ਇਸ ਦੌਰਾਨ ਯੂਐਸਏ ਤੋਂ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਅਤੇ ਕੈਨੇਡਾ ਤੋਂ ਟਕਸਾਲੀ ਅਕਾਲੀ ਆਗੂ ਨਰਦੇਵ ਸਿੰਘ ਆਕੜੀ ਨੇ ਵੀ ਪ੍ਰੈੱਸ ਬਿਆਨ ਭੇਜ ਕੇ ਸ੍ਰੀ ਟੌਹੜਾ ਦੇ ਅਕਾਲ ਚਲਾਣੇ ’ਤੇ ਦੁੱਖ ਜ਼ਾਹਿਰ ਕੀਤਾ ਹੈ।
ਅੰਤਿਮ ਅਰਦਾਸ 28 ਨੂੰ
ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਨੇ ਦੱਸਿਆ ਕਿ ਹਰਮੇਲ ਸਿੰਘ ਟੌਹੜਾ ਨੇ ਦੱਸਿਆ ਕਿ ਭੋਗ ਅਤੇ ਸ਼ਰਧਾਂਜਲੀ ਸਮਾਗਮ 28 ਸਤੰਬਰ ਨੂੰ ਅਨਾਜ ਮੰਡੀ ਟੌਹੜਾ ਵਿੱਚ ਕਰਵਾਇਆ ਜਾਵੇਗਾ।