ਪੰਜਾਬੀ ’ਵਰਸਿਟੀ ’ਚ ਤਾਰਾ ਸਿੰਘ ਸੰਗੀਤ ਸੰਮੇਲਨ ਦਾ ਆਗਾਜ਼
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ 11ਵਾਂ ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ ਆਰੰਭ ਹੋ ਗਿਆ ਹੈ। ਪੰਜਾਬ ਵਿੱਚ ਕਰਵਾਏ ਜਾਂਦੇ ਸ਼ਾਸਤਰੀ ਸੰਗੀਤ ਦੇ ਸੰਮੇਲਨਾਂ ਵਿੱਚ ਅਹਿਮ ਸਥਾਨ ਰੱਖਦੇ ਇਸ ਸੰਮੇਲਨ ਦੀ ਪਹਿਲੀ ਸ਼ਾਮ ਦਾ ਆਗਾਜ਼ ਦੀਪਿਨ ਰਾਜ ਦੇ ਸ਼ਾਸਤਰੀ ਗਾਇਨ ਨਾਲ ਹੋਇਆ। ਦੀਪਿਨ ਰਾਜ ਦੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਵਿਭਾਗ ਦੇ ਮੁਖੀ ਪ੍ਰੋ. ਅਲੰਕਾਰ ਸਿੰਘ ਦੀ ਦੇਖ-ਰੇਖੇ ਹੇਠਲੇ ਇਸ ਸੰਮੇਲਨ ਦੇ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਸਿੰਘ ਹਨ। ਇਸ ਦੌਰਾਨ ਦੀਪਿਨ ਰਾਜ ਨੇ ਸ਼ਾਮ ਦੇ ਰਾਗ ‘ਪੂਰੀਆ ਕਲਿਆਣ’ ਵਿੱਚ ਦੋ ਬੰਦਿਸ਼ਾਂ ਦੀ ਪੇਸ਼ਕਾਰੀ ਦਿੱਤੀ। ਪ੍ਰੋ. ਸਬਿਯਾਸਾਚੀ ਸਰਖੇਲ ਦੇ ਸਿਤਾਰ ਵਾਦਨ ਦੌਰਾਨ ਝਿੰਝੋਟੀ ਰਾਗ ਨਾਲ ਕਲਾ ਭਵਨ ਗੂੰਜ ਉੱਠਿਆ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਖ਼ਾਸੀਅਤ ਇੱਥੋਂ ਦੇ ਅਕਾਦਮਿਕ ਮਾਹੌਲ ਦੀ ਅਜਿਹੀ ਵੰਨ-ਸੁਵੰਨਤਾ ਵਿੱਚ ਹੈ ਜਿੱਥੇ ਇੱਕ ਪਾਸੇ ਵਿਗਿਆਨ ਅਤੇ ਤਕਨਾਲੋਜੀ ਜਿਹੇ ਖੇਤਰਾਂ ਵਿੱਚ ਉੱਚ ਪੱਧਰੀ ਪ੍ਰਾਪਤੀਆਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਭਾਸ਼ਾ, ਸਾਹਿਤ, ਸੰਗੀਤ ਅਤੇ ਹੋਰ ਕਲਾਵਾਂ ਦੇ ਖੇਤਰ ਵਿੱਚ ਵੀ ਉਸੇ ਹੀ ਮਿਆਰ ਵਾਲਾ ਕਾਰਜ ਹੋ ਰਿਹਾ ਹੈ।
ਪ੍ਰੋ. ਅਲੰਕਾਰ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ। ਪ੍ਰੋ. ਨਿਵੇਦਿਤਾ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਉੱਘੇ ਸੰਗੀਤ ਸ਼ਾਸਤਰੀ, ਖੋਜੀ, ਲੇਖਕ, ਸੁਰ ਰਚਨਾਕਾਰ, ਅਧਿਆਪਕ ਅਤੇ ਗੁਰੂ ਸਨ ਜਿਨ੍ਹਾਂ ਸੰਗੀਤ ਚਿੰਤਨ ਅਤੇ ਰਚਨਾਵਾਂ ਰਾਹੀਂ ਪੰਜਾਬ ਦੀ ਸੰਗੀਤ ਪਰੰਪਰਾ ਵਿੱਚ ਨਿੱਗਰ ਯੋਗਦਾਨ ਪਾਇਆ। ਇਹ ਸੰਮੇਲਨ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਦਾਨ ਕੀਤੇ ਗਏ ਦਸ ਲੱਖ ਦੇ ਫੰਡ ਦੀ ਵਿਆਜ ਰਾਸ਼ੀ ਨਾਲ ਕਰਵਾਇਆ ਜਾਂਦਾ ਹੈ। ਸਵਾਗਤੀ ਭਾਸ਼ਣ ਦੌਰਾਨ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਅਲੰਕਾਰ ਸਿੰਘ ਨੇ ਦੱਸਿਆ ਕਿ ਇਸ ਵਾਰ ਸੰਮੇਲਨ ਵਿੱਚ ਦਿੱਲੀ ਤੋਂ ਪੰਡਿਤ ਦੁਰਜੈ ਭੌਮਿਕ ਏਕਲ ਤਬਲਾ ਵਾਦਨ ਦੀ ਪੇਸ਼ਕਾਰੀ ਲਈ ਪੁੱਜ ਰਹੇ ਹਨ। ਪੁਣੇ ਤੋਂ ਡਾ. ਸਮੀਰ ਦੁਬਲੇ ਅਤੇ ਪੁਰੂਲਿਆ, ਪੱਛਮੀ ਬੰਗਾਲ ਤੋਂ ਡਾ. ਅੰਮ੍ਰਿਤਾ ਸਰਖੇਲ ਗਾਇਨ ਲਈ ਪੁੱਜਣਗੇ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਪ੍ਰੋ. ਤਾਰਾ ਸਿੰਘ ਦੀਆਂ ਬੰਦਿਸ਼ਾਂ ਦਾ ਗਾਇਨ ਵੀ ਕੀਤਾ ਜਾਵੇਗਾ। ਸੰਮੇਲਨ ਦਾ ਇੱਕ ਸ਼ੈਸਨ ਵਿਖਿਆਤ ਸੰਗੀਤ ਚਿੰਤਕ ਅਤੇ ਆਲੋਚਕ ਸੰਗੀਤ ਸੰਕਲਪ ਨਾਮਕ ਰਾਸ਼ਟਰੀ ਸੰਸਥਾ ਦੇ ਸੰਸਥਾਪਕ ਡਾ. ਮੁਕੇਸ਼ ਗਰਗ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਸ਼ਾਮ ਦੀਆਂ ਸੰਗੀਤਕ ਪੇਸ਼ਕਾਰੀਆਂ ਵਿੱਚ ਤਬਲੇ ’ਤੇ ਸੰਗਤ ਜੈਦੇਵ ਅਤੇ ਮਧੁਰੇਸ਼ ਭੱਟ ਨੇ ਕੀਤੀ ਅਤੇ ਹਰਮੋਨੀਅਮ ਦੀ ਸੰਗਤ ਅਲੀ ਅਕਬਰ ਵੱਲੋਂ ਦਿੱਤੀ ਗਈ। ਮੰਚ ਸੰਚਾਲਨ ਜੋਤੀ ਸ਼ਰਮਾ ਨੇ ਕੀਤਾ।