ਟਾਂਗਰੀ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਤੇ ਮਾਰਕੰਡਾ ਦੋ ਫੁੱਟ ਪਾਰ
ਸਬ-ਡਿਵੀਜ਼ਨ ਦੂਧਨਸਾਧਾਂ ਦੇ ਪਿੰਡਾਂ ਵਿੱਚੋਂ ਲੰਘਦੀ ਟਾਂਗਰੀ ਨਦੀ ਅਤੇ ਮਾਰਕੰਡਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਹਨ। ਟਾਂਗਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ’ਤੇ ਹੈ। ਮਾਰਕੰਡਾ ਵੀ ਹੁਣ ਖ਼ਤਰੇ ਦੇ ਨਿਸ਼ਾਨ 22 ਫੁੱਟ ਨੂੰ ਪਾਰ ਕਰ ਕੇ 23.3 ਫੁੱਟ ’ਤੇ ਪੁਹੰਚ ਗਿਆ ਹੈ। ਹਿਮਾਚਲ ਸਥਿਤ ਸ਼ਿਵਾਲਕ ਦੀਆਂ ਪਹਾੜੀਆਂ ਤੋਂ ਸ਼ੁਰੂ ਹੁੰਦੇ ਟਾਂਗਰੀ ਅਤੇ ਮਾਰਕੰਡੇ ਵਿੱਚ ਆ ਰਿਹਾ ਪਾਣੀ ਘਟਣ ਦਾ ਨਾਮ ਨਹੀਂ ਲੈ ਰਿਹਾ। ਟਾਂਗਰੀ ਕੈਚਮੈਂਟ ਏਰੀਏ ਵਿੱਚ ਡੁੱਬੀਆਂ ਫਸਲਾਂ ਦੀ ਕਿਸਾਨ ਪੂਰੀ ਤਰ੍ਹਾਂ ਆਸ ਛੱਡ ਚੁੱਕੇ ਹਨ। ਪਾਣੀ ਨਾ ਘਟਣ ਦਾ ਕਾਰਨ ਸਮਾਣਾ ਦੇ ਪਿੰਡ ਧਰਮੇੜੀ ਨੇੜੇ ਹਰਿਆਣਾ ਵੱਲੋਂ ਬਣਾਈ ਗਈ ਹਾਂਸੀ-ਬੁਟਾਣਾ ਨਹਿਰ ਹੈ। ਘੱਗਰ, ਟਾਂਗਰੀ ਤੇ ਮਾਰਕੰਡੇ ਦਾ ਪਾਣੀ ਇਕੱਠਾ ਹੋ ਕੇ ਨਿਕਲਣ ਸਮੇਂ ਨਹਿਰ ਦੀ ਡਾਫ ਲੱਗਦੀ ਹੈ ਜਿਸ ਕਾਰਨ ਪਾਣੀ ਰੁਕ ਕੇ ਲੰਘਦਾ ਹੈ। ਡਾਫ ਕਾਰਨ ਰੁਕੇ ਪਾਣੀ ਨਾਲ ਦਰਜਨਾਂ ਪਿੰਡ ਡੁੱਬਣ ਦੀ ਕਗਾਰ ’ਤੇ ਹਨ। ਦੂਜੇ ਪਾਸੇ ਛੇ ਦਿਨ ਪਹਿਲਾਂ ਘਨੌਰ ਦੇ ਸਰਾਲੇ ਤੋਂ ਨਿਕਲੇ ਘੱਗਰ ਦੇ ਪਾਣੀ ਨੇ ਦੇਵੀਗੜ੍ਹ ਦੇ ਬਹੁਤ ਸਾਰੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕਰੀਬ ਛੇ ਦਿਨਾਂ ਬਾਅਦ ਪਾਣੀ ਸਬ ਡਿਵੀਜ਼ਨ ਦੂਧਨਸਾਧਾਂ ਦੇ ਪਿੰਡ ਚੂਹਟ, ਕਛਵੀ, ਬ੍ਰਹਮਪੁਰਾ, ਅਦਾਲਤੀਵਾਲਾ, ਚਪਰਹਾੜ ,ਦੁੱਧਣ ਗੁੱਜਰਾਂ ਨਾਲ ਲੱਗਦੇ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਇਸ ਏਰੀਏ ਅੰਦਰ ਪਾਣੀ ਨੇ ਨੀਵੇਂ ਖੇਤਰਾਂ ਦੀ ਆਖਰੀ ਪੜਾਅ ’ਤੇ ਆਈ ਝੋਨੇ ਦੀ ਫ਼ਸਲ ਨੂੰ ਡੋਬ ਦਿੱਤਾ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨ ਫਸਲਾਂ ਡੁੱਬਣ ਦਾ ਕਾਰਨ ਇਸਰਹੇੜੀ ਅਦਾਲਤੀਵਾਲਾ ਡਰੇਨ ਦੀ ਸਾਫ ਸਫਾਈ ਨਾ ਕੀਤੇ ਜਾਣਾ ਦੱਸ ਰਹੇ ਹਨ।