ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖ਼ੁਦਕੁਸ਼ੀ ਮਾਮਲਾ: ਪੁਲੀਸ ਤੇ ਪ੍ਰਸ਼ਾਸਨ ਨੇ ਐਕਸ਼ਨ ਕਮੇਟੀ ਦੀਆਂ ਮੰਗਾਂ ਮੰਨੀਆਂ

ਦੋਵੇਂ ਪੀਡ਼ਤ ਪਰਿਵਾਰਾਂ ਦੇ ਇਕ-ਇਕ ਬੱਚੇ ਨੂੰ ਪੁਲੀਸ ’ਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ
ਬੱਚਿਆਂ ਨੂੰ ਨਿਯੁਕਤੀ ਪੱਤਰ ਦਿੰਦੀ ਹੋਈ ਏਡੀਸੀ ਈਸ਼ਾ ਸਿੰਗਲ ਤੇ ਐੱਸਪੀ ਵੈਭਵ।
Advertisement

ਨੌਂ ਦਿਨ ਪਹਿਲਾਂ (ਪੁਲੀਸ ਮੁਲਾਜ਼ਮ) ਟਰੱਕ ਮਾਲਕ ਵੱਲੋਂ ਪੈਸੇ ਚੋਰੀ ਦੇ ਇਲਜ਼ਾਮ ਲਗਾ ਕੇ ਕੀਤੀ ਗਈ ਕੁੱਟਮਾਰ ਮਗਰੋਂ ਖੁਦਕੁਸ਼ੀ ਕਰਨ ਵਾਲੇ ਪਿੰਡ ਨਿਆਲ ਦੇ ਡਰਾਈਵਰ ਤੇ ਕਲੀਨਰ ਦੀਆਂ ਦੇਹਾਂ ਨੂੰ ਪਾਤੜਾਂ-ਪਟਿਆਲਾ ਮੁੱਖ ਮਾਰਗ ’ਤੇ ਪਿਛਲੇ ਸੱਤ ਦਿਨਾਂ ਤੋਂ ਰੱਖ ਕੇ ਸੰਘਰਸ਼ ਕਰ ਰਹੇ ਲੋਕਾਂ ਦੇ ਘੋਲ ਨੂੰ ਉਸ ਸਮੇਂ ਬੂਰ ਪਿਆ ਜਦੋਂ ਸੰਘਰਸ਼ਸ਼ੀਲ ਲੋਕਾਂ, ਪਿੰਡ ਵਾਸੀਆਂ ਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ ਸਿਰੇ ਚੜ੍ਹ ਗਿਆ। ਐਕਸ਼ਨ ਕਮੇਟੀ ਦੇ ਆਗੂਆਂ ਨਾਲ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਕਈ ਗੇੜ ਦੀ ਹੋਈ ਗੱਲਬਾਤ ਮਗਰੋਂ ਸਮਝੌਤੇ ਤਹਿਤ ਏਡੀਸੀ ਪਟਿਆਲਾ ਈਸ਼ਾ ਸਿੰਗਲ ਅਤੇ ਐੱਸਪੀ ਹੈੱਡ ਕੁਆਰਟਰ ਵੈਭਵ ਚੌਧਰੀ ਨੇ ਦੋਵੇਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਇੱਕ-ਇੱਕ ਨੌਜਵਾਨ ਬੱਚੇ ਨੂੰ ਪੁਲੀਸ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਦੇਣ ਦੇ ਨਾਲ-ਨਾਲ ਦੋਵਾਂ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਸਮਝੌਤੇ ਮਗਰੋਂ ਐਕਸ਼ਨ ਕਮੇਟੀ ਦੇ ਆਗੂਆਂ ਨੇ ਐਤਵਾਰ ਨੂੰ ਦੁਪਹਿਰ 12 ਵਜੇ ਮ੍ਰਿਤਕਾਂ ਦੇ ਸਸਕਾਰ ਕਰਨ ਅਤੇ ਪਿਛਲੇ ਹਫਤੇ ਤੋਂ ਪਾਤੜਾਂ-ਪਟਿਆਲਾ ਮੁੱਖ ਸੜਕ ’ਤੇ ਲਾਸ਼ਾਂ ਰੱਖ ਕੇ ਦਿੱਤਾ ਜਾ ਰਿਹਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਦਸ ਵਜੇ ਏਡੀਸੀ ਪਟਿਆਲਾ ਈਸ਼ਾ ਸਿੰਗਲ ਅਤੇ ਐੱਸਪੀ ਹੈੱਡ ਕੁਆਰਟਰ ਵੈਭਵ ਚੌਧਰੀ ਦੀ ਅਗਵਾਈ ਵਿੱਚ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਸੇਵਾਮੁਕਤ ਐੱਸਪੀ ਜਸਵਿੰਦਰ ਸਿੰਘ ਟਿਵਾਣਾ, ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ, ਡੀਐੱਸਪੀ ਇੰਦਰਪਾਲ ਸਿੰਘ ਚੌਹਾਨ, ਥਾਣਾ ਮੁਖੀ ਪਾਤੜਾਂ ਹਰਮਿੰਦਰ ਸਿੰਘ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪੁੱਜੇ। ਇਸ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਨਿਆਲ, ਪ੍ਰਿਸਤ ਸਿੰਘ, ਬਲੱਮ ਸਿੰਘ, ਸਰਪੰਚ ਪ੍ਰਹਲਾਦ ਸਿੰਘ, ਅਮਰੀਕ ਸਿੰਘ, ਪੂਰਨ ਸਿੰਘ ਅਤੇ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਐਕਸ਼ਨ ਕਮੇਟੀ ਦੇ ਆਗੂਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਨੌਕਰੀ ਦੇਣ, 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਅਤੇ ਮੁੱਖ ਮੁਲਜ਼ਮ ਲਖਵਿੰਦਰ ਸਿੰਘ ਲੱਖਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦੋਨਾਂ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਪੁਲੀਸ ਵਿਭਾਗ ਵਿੱਚ ਯੋਗਤਾ ਅਨੁਸਾਰ ਨੌਕਰੀ ਦੇਣ, ਚਾਰ-ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਮੌਕੇ ’ਤੇ ਦੇਣ ਅਤੇ 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਕੇਸ ਪੰਜਾਬ ਸਰਕਾਰ ਕੋਲ ਭੇਜਣ ਤੇ ਮੁੱਖ ਮੁਲਜ਼ਮ ਨੂੰ ਸੀਮਤ ਸਮੇਂ ਅੰਦਰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।

Advertisement

ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਨਿਆਲ ਅਤੇ ਸਰਪੰਚ ਪ੍ਰਹਿਲਾਦ ਸਿੰਘ ਨੇ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਨੂੰ ਲੈ ਕੇ ਮੋਰਚੇ ਵਾਲੀ ਥਾਂ ’ਤੇ ਪਹੁੰਚ ਕੇ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ। ਧਰਨੇ ਵਿੱਚ ਬੈਠੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ। ਇਸ ਮਗਰੋਂ ਐਕਸ਼ਨ ਕਮੇਟੀ ਦੇ ਆਗੂਆਂ ਨੇ ਮੋਰਚੇ ਵਿੱਚ ਦੂਰ ਦੁਰਾਡੇ ਤੋਂ ਆਏ ਟਰਾਂਸਪੋਰਟ ਭਾਈਚਾਰੇ ਦੇ ਡਰਾਈਵਰਾਂ ਕੰਡਕਟਰਾਂ, ਕਿਸਾਨ ਜਥੇਬੰਦੀਆਂ ਦੇ ਆਗੂਆਂ, ਪਿੰਡ ਅਤੇ ਇਲਾਕਾ ਨਿਵਾਸੀ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਭਾਵੇਂ ਪਿੰਡ ਵਿੱਚ ਜ਼ਿਮੀਂਦਾਰਾਂ ਅਤੇ ਵਾਲਮੀਕਿ ਭਾਈਚਾਰੇ ਦੇ ਵੱਖਰੇ ਵੱਖਰੇ ਸ਼ਮਸ਼ਾਨ ਘਾਟ ਬਣੇ ਹੋਏ ਹਨ ਪਰ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਖੁਦਕੁਸ਼ੀ ਕਰਨ ਵਾਲੇ ਦੋਵਾਂ ਵਿਅਕਤੀਆਂ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਸਸਕਾਰ ਇਕੱਠਿਆਂ ਕੀਤਾ ਜਾਵੇਗਾ।

Advertisement