ਗਰਲਜ਼ ਹੋਸਟਲ ’ਚ ਮੈੱਸ ਫ਼ੀਸ ਵਧਣ ਕਾਰਨ ਵਿਦਿਆਰਥਣਾਂ ਤੇ ਮਾਪੇ ਪ੍ਰੇਸ਼ਾਨ
ਇੱਥੇ ਯਾਦਵਿੰਦਰ ਪਬਲਿਕ ਸਕੂਲ (ਵਾਈਪੀਐੱਸ) ਦੇ ਸਾਹਮਣੇ ਗੌਰਮਿੰਟ ਵਿਮੈੱਨ ਕਾਲਜ ਵਿੱਚ ਹੋਸਟਲ ਮੈੱਸ ਦੀਆਂ ਫ਼ੀਸਾਂ ’ਚ 700 ਰੁਪਏ ਪ੍ਰਤੀ ਮਹੀਨਾ ਵਾਧੇ ਨੇ ਵਿਦਿਆਰਥਣਾਂ ਦੇ ਮਾਪਿਆਂ ’ਤੇ ਵਾਧੂ ਬੋਝ ਪਾ ਦਿੱਤਾ ਹੈ। ਹਾਲਾਂਕਿ ਕਾਲਜ ਪ੍ਰਸ਼ਾਸਨ ਫ਼ੀਸ ਘਟਾਉਣ ਦਾ ਦਾਅਵਾ ਕਰ ਰਿਹਾ ਹੈ ਪਰ ਫੀਸ ਵਿੱਚ ਇਹ ਵਾਧਾ ਸਕਾਲਰਸ਼ਿਪ ’ਤੇ ਪੜ੍ਹ ਰਹੇ ਬੱਚਿਆਂ ਲਈ ਬਹੁਤ ਜ਼ਿਆਦਾ ਹੈ। ਮੈੱਸ ਫੀਸ ਵਧਣ ਕਾਰਨ ਕਾਰਨ ਇਨ੍ਹਾਂ ਵਿਦਿਆਰਥਣਾਂ ਦੇ ਮਾਪੇ ਪ੍ਰੇਸ਼ਾਨ ਹਨ। ਕਾਲਜ ਵਿੱਚ ਪੜ੍ਹਦੀਆਂ ਕੁੜੀਆਂ ਦੇ ਮਾਪੇ ਭਾਵੇਂ ਕਾਲਜ ਦੇ ਫ਼ੈਸਲਿਆਂ ਦਾ ਵਿਰੋਧ ਕਰਨ ਦਾ ਜੋਖ਼ਮ ਨਹੀਂ ਲੈ ਰਹੇ ਪਰ ਫਿਰ ਵੀ ਕੁਝ ਮਾਪਿਆਂ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਸੰਪਰਕ ਕਰ ਕੇ ਵਧੀਆਂ ਫ਼ੀਸਾਂ ਦਾ ਵਿਰੋਧ ਕੀਤਾ ਹੈ। ਜਾਣਕਾਰੀ ਅਨੁਸਾਰ ਪਹਿਲਾਂ ਹੋਸਟਲ ਵਿੱਚ ਮੈੱਸ ਦੀ ਫ਼ੀਸ 1670 ਰੁਪਏ ਮਹੀਨਾ ਹੁੰਦੀ ਸੀ ਪਰ ਕਈ ਸਾਲਾਂ ਤੋਂ ਹੋਸਟਲ ਵਿੱਚ ਖਾਣਾ ਬਣਾਉਣ ਵਾਲੇ ਠੇਕੇਦਾਰ ਵੱਲੋਂ ਕਥਿਤ ਕੁਝ ਅਧਿਆਪਕਾਂ ਨਾਲ ਕੀਤੇ ਦੁਰਵਿਹਾਰ ਕਾਰਨ ਕਾਲਜ ਪ੍ਰਬੰਧਕਾਂ ਨੇ ਫ਼ੈਸਲਾ ਕੀਤਾ ਕਿ ਇਸ ਠੇਕੇਦਾਰ ਨੂੰ ਹੀ ਬਦਲਿਆ ਜਾਵੇ। ਹੁਣ ਜਦੋਂ ਟੈਂਡਰ ਕੀਤੇ ਗਏ ਤਾਂ ਪ੍ਰਬੰਧਕਾਂ ਨੇ ਫ਼ੈਸਲਾ ਕਰ ਕੇ ਹੋਸਟਲ ਦੀ ਫ਼ੀਸ 2670 ਰੁਪਏ ਕਰ ਦਿੱਤੀ ਜਿਸ ਦਾ ਵਿਰੋਧ ਹੋਇਆ ਪਰ ਕਾਲਜ ਪ੍ਰਬੰਧਕਾਂ ਨੇ ਇਹ ਵਿਰੋਧ ਖ਼ਤਮ ਕਰਨ ਲਈ ਫ਼ੀਸ ਘਟਾ ਕੇ 2370 ਰੁਪਏ ਕਰ ਦਿੱਤੀ। ਕੁਝ ਮਾਪਿਆਂ ਅਨੁਸਾਰ 2370 ਫੀਸ ਵੀ ਜ਼ਿਆਦਾ ਹੈ, ਕਿਉਂਕਿ 1670 ਤੋਂ ਸਿੱਧਾ 700 ਰੁਪਏ ਦਾ ਯਕਦਮ ਵਾਧੂ ਬੋਝ ਪਾਉਣਾ ਠੀਕ ਨਹੀਂ ਹੈ। ਕੁਝ ਮਾਪੇ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਨੂੰ ਹੋਸਟਲ ਫ਼ੀਸਾਂ ਵਿੱਚ ਕੀਤਾ ਵਾਧਾ ਵਾਪਸ ਲੈਣਾ ਚਾਹੀਦਾ ਹੈ। ਪ੍ਰਿੰਸੀਪਲ ਦਾ ਕਾਰਜ ਸੰਭਾਲ ਰਹੀ ਸ੍ਰੀਮਤੀ ਅਨੀਲਾ ਨੇ ਕਿਹਾ ਕਿ ਹੁਣ ਦੀਆਂ ਹੋਸਟਲ ਫ਼ੀਸਾਂ ਨਾਲ ਮਾਪੇ ਤੇ ਵਿਦਿਆਰਥੀ ਸੰਤੁਸ਼ਟ ਹੋਏ ਹਨ।
ਮਿਆਰੀ ਖਾਣੇ ਕਾਰਨ ਫ਼ੀਸਾਂ ਵਧਾਈਆਂ: ਇੰਚਾਰਜ
Advertisementਹੋਸਟਲ ਇੰਚਾਰਜ ਕੁਲਵਿੰਦਰ ਨੇ ਦੱਸਿਆ ਕਿ ਪਹਿਲਾ ਠੇਕੇਦਾਰ ਮਿਆਰੀ ਖਾਣਾ ਨਹੀਂ ਸੀ ਦੇ ਰਿਹਾ। ਉਹ ਕਣੀ ਵਾਲੇ ਚੌਲ ਵਰਤ ਰਿਹਾ ਸੀ, ਪਰ ਜੋ ਹੁਣ ਠੇਕੇਦਾਰ ਹੈ ਉਹ ਬਾਸਮਤੀ ਦੇ ਚੌਲ ਦੇਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉੱਚ ਗੁਣਵੱਤਾ ਵਾਲਾ ਖਾਣਾ ਮੁਹੱਈਆ ਕਰਵਾਉਣ ਲਈ ਮੈੱਸ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਕਹਿਣ ’ਤੇ 2670 ’ਚੋਂ 300 ਰੁਪਏ ਘਟਾ ਦਿੱਤੇ ਹਨ।