ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾਈ ਸਮਾਗਮਾਂ ਦੀ ਸ਼ੁਰੂਆਤ
ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰੂ ਸਾਹਿਬ ਦੇ ਜੀਵਨ, ਲਾਸਾਨੀ ਸ਼ਹਾਦਤ ਅਤੇ ਸਿੱਖਿਆਵਾਂ ’ਤੇ ਆਧਾਰਤ ਇੱਥੇ ਪੋਲੋ ਗਰਾਊਂਡ ਵਿੱਚ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ‘ਹਿੰਦ ਦੀ ਚਾਦਰ’ ਦੀ ਪੇਸ਼ਕਾਰੀ ਕੀਤੀ ਗਈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਸ ਸ਼ੋਅ ਨਾਲ ਸਰਕਾਰ ਨੇ ਗੁਰੂ ਜੀ ਦੀ ਲਾਸਾਨੀ ਸ਼ਹਾਦਤ, ਸੱਚ ਦੇ ਰਾਹ ’ਤੇ ਚੱਲਣ ਦੇ ਸਿਧਾਂਤ ਅਤੇ ਧਾਰਮਿਕ ਆਜ਼ਾਦੀ ਦੇ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਪਹਿਲਾਂ ਗੁਰੂ ਜੀ ਵੱਲੋਂ ‘ਤਿਲਕ ਜੰਝੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ’ ਤਹਿਤ ਆਪਣੇ ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਸਮੇਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੀ ਗਈ ਲਾਸਾਨੀ ਸ਼ਹਾਦਤ ਨਾਲ ਬੁਲੰਦ ਕੀਤੀ ਗਈ ਹੱਕ, ਸੱਚ, ਨਿਆਂ, ਪਰਉਪਕਾਰ ਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਵਿਲੱਖਣ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦੌਰਾਨ ਢਾਡੀ ਸੁਖਦੇਵ ਸਿੰਘ ਬੂਹ ਦੇ ਜਥੇ ਨੇ ਵਾਰਾਂ ਰਾਹੀਂ ਸ਼ਹਾਦਤ ਦੇ ਪ੍ਰਸੰਗ ਸੁਣਾਏ। ਕੁੱਲ 45 ਮਿੰਟ ਦੇ ਲਾਈਟ ਐਂਡ ਸਾਊਂਡ ਸ਼ੋਅ ਨੇ ਡਿਜੀਟਲ ਮਾਧਿਅਮ ਨਾਲ ਗੁਰੂ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ, ਅਦੁੱਤੀ ਸਿੱਖ ਇਤਿਹਾਸ ਅਤੇ ਮਹਾਨ ਬਲਿਦਾਨ ਬਾਰੇ ਚਾਨਣਾ ਪਾਇਆ।
ਤਲਵੰਡੀ ਸਾਬੋ ਤੋਂ ਚੱਲਣ ਵਾਲਾ ਨਗਰ ਕੀਰਤਨ 21 ਨਵੰਬਰ ਨੂੰ ਪਟਿਆਲਾ ਪੁੱਜੇਗਾ। ਇਸ ਮੌਕੇ ਰਣਜੋਧ ਹਡਾਣਾ, ਬਲਜਿੰਦਰ ਢਿੱਲੋਂ, ਅਜੀਤਪਾਲ ਕੋਹਲੀ, ਪ੍ਰੋ. ਪਰਮਵੀਰ ਸਿੰਘ, ਡਾ. ਜਸਵੀਰ ਕੌਰ, ਮੇਅਰ ਕੁੰਦਨ ਗੋਗੀਆ, ਇੰਦਰਜੀਤ ਸੰਧੂ, ਮੇਘ ਚੰਦ ਸ਼ੇਰਮਾਜਰਾ, ਹਰਿੰਦਰ ਕੋਹਲੀ ਸਮੇਤ ਕਈ ਆਗੂ ਤੇ ਸ਼ਖ਼ਸੀਅਤਾਂ ਮੌਜੂਦ ਸਨ।
ਸ਼ਹਾਦਤ ਮੌਲਿਕ ਅਧਿਕਾਰਾਂ ਦੇ ਸਨਮਾਨ ਲਈ ਸੀ: ਸਿਹਤ ਮੰਤਰੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਸਮੁੱਚੀ ਮਾਨਵਤਾ ਦੇ ਮੌਲਿਕ ਅਧਿਕਾਰਾਂ ਦੇ ਸਨਮਾਨ ਲਈ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ 36 ਅਸਥਾਨਾਂ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।
