ਸੂਬਾ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਜ਼ੀਰੋ: ਚੰਦੂਮਾਜਰਾ
ਹਲਕਾ ਸਨੌਰ ਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਚੌਰਾ ਤੋ ਅਕਾਲੀ ਦਲ (ਪੁਨਰ ਸੁਰਜੀਤ) ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਦੇ ਹੱਕ ਵਿੱਚ ਪਿੰਡ ਬੌਸਰ ਕਲਾਂ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਸਨੌਰ ਦੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਖੂਬ ਕੋਸਿਆ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਕਦਰ ‘ਆਪ’ ਵੱਲੋਂ ਕੀਤੀ ਗਈ ਧੱਕੇਸ਼ਾਹੀ ਪੰੰਜਾਬ ਦੇ ਇਤਿਹਾਸ ’ਚ ਪਹਿਲਾਂ ਕਦੇ ਵੀ ਵੇਖਣ ਜਾਂ ਸੁਣਨ ਨੂੰ ਨਹੀਂ ਮਿਲੀ ਜਿਸ ਕਰਕੇ ਪਾਰਟੀ ਨੂੰ ਇਨ੍ਹਾਂ ਚੋਣਾਂ ’ਚ ਇਸ ਦਾ ਖਮਿਆਜਾ ਅਵੱਸ਼ ਹੀ ਭੁਗਤਣਾ ਪਵੇਗਾ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਉਂਜ ਵੀ ‘ਆਪ’ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ ਜਿਸ ਕਰਕੇ ਹੀ ਇਸ ਨੂੰ ਇਸ ਕਦਰ ਧੱਕੇਸ਼ਾਹੀ ਤੇ ਧਾਂਦਲੀਆਂ ਕਰਨ ਦੀ ਲੋੜ ਪਈ ਹੈ ਜਦਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਤੇ ਭਰਵੀਆਂ ਮੀਟਿੰਗਾਂ ਇਸ ਦਾ ਪ੍ਰਤੱਖ ਪ੍ਰਮਾਣ ਹਨ ਕਿ ਉਨ੍ਹਾਂ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ।
ਇਸ ਮੌਕੇ ਹਰਫੂਲ ਸਿੰਘ ਬੌਸਰ, ਹਰਮੇਲ ਸਿੰਘ ਬੋਸਰ, ਸਾਬਕਾ ਸਰਪੰਚ, ਬਹਾਦਰ ਸਿੰਘ, ਰਾਮ ਲਾਲ ਰਾਠੀਆਂ, ਦੀਦਾਰ ਬੋਸਰ, ਅਮਰੀਕ ਸਿੰਘ, ਨੰਬਰਦਾਰ ਟਿੰਕੂ, ਨੌਰੰਗ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ, ਕੇਸਰ ਸਿੰਘ, ਗੁਰਮੇਲ ਸਿੰਘ, ਦੱਲ ਸਿੰਘ, ਜੀਤ ਸਿੰਘ, ਸੁੱਖਾ ਖ਼ਾਨ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਨੌਜਵਾਨ ਅਤੇ ਬੀਬੀਆਂ ਹਾਜ਼ਰ ਸਨ।
ਰਾਜਸੀ ਪਾਰਟੀਆਂ ਚੋਣਾਂ ਦਾ ਅਸਲ ਮਨੋਰਥ ਭੁੱਲੀਆਂ: ਚੰਦੂਮਾਜਰਾ
ਪਟਿਆਲਾ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਇਨ੍ਹਾਂ ਸਥਾਨਕ ਚੋਣਾਂ ਦਾ ਮੂਲ ਮਕਸਦ ਭੁੱਲ ਚੁੱਕੀਆਂ ਹਨ।ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇਸ਼ ਦੀ ਸਿਆਸਤ ਨੂੰ ਥੜ੍ਹਿਆਂ ਨਾਲ ਜੋੜਨ ਦਾ ਕੰਮ ਕਰਦੀਆਂ ਹਨ ਪਰ ਸੱਤਾਧਾਰੀ ਧਿਰ ‘ਆਪ’ ਦੀ ਕਥਿਤ ਗੁੰਡਾਗਰਦੀ ਨੇ ਲੋਕਤੰਤਰੀ ਪ੍ਰਣਾਲੀ ਨੂੰ ਸ਼ਰਮਸਾਰ ਕੀਤਾ ਹੈ। ਉਹ ਇੱਥੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਬਹਾਦਰਗੜ੍ਹ ਤੋਂ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਮੀਦਵਾਰ ਬਲਵਿੰਦਰ ਸਿੰਘ ਕਰਹੇੜੀ ਅਤੇ ਕਰਹੇੜੀ ਜ਼ੋਨ ਤੋਂ ਬਲਾਕ ਸਮਿਤੀ ਉਮੀਦਵਾਰ ਪੂਜਾ ਰਾਣੀ ਦੇ ਹੱਕ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ‘ਆਪ’ ਉੱਤੇ ਹਮਲੇ ਜਾਰੀ ਰੱਖਦਿਆਂ ਅਕਾਲੀ ਨੇਤਾ ਦਾ ਕਹਿਣਾ ਸੀ ਕਿ ਭਾਵੇਂ ਪਹਿਲਾਂ ਵੀ ਧਾਂਦਲੀਆਂ ਤੇ ਧੱਕੇਸ਼ਾਹੀਆਂ ਹੁੰਦੀਆਂ ਰਹੀਆਂ ਹਨ, ਪਰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲੋਕਤੰਤਰੀ ਪ੍ਰਣਾਲੀ ਨੂੰ ਤਹਿਸ ਨਹਿਸ ਕਰਦਿਆਂ ‘ਆਪ’ ਨੇ ਸਭ ਹੱਦਾਂ ਟੱਪ ਦਿੱਤੀਆਂ। ਇਸ ਮੌਕੇ ਜਥੇਦਾਰ ਭੁਪਿੰਦਰ ਸ਼ੇਖੂਪੁਰ, ਜਰਨੈਲ ਸਿੰਘ ਕਰਤਾਰਪੁਰ, ਬਲਵਿੰਦਰ ਕਰਹੇੜੀ, ਗੁਰਜੰਟ ਨੂਰਖੇੜੀਆਂ, ਗੁਰਚਰਨ ਕੌਲੀ, ਕੁਲਦੀਪ ਸ਼ਮਸਪੁਰ ਤੇ ਚਮਕੌਰ ਸਿੰਘ ਹਾਜ਼ਰ ਸਨ।
