ਸਿਸੋਦੀਆ ਨੇ ਕਾਲੀ ਮਾਤਾ ਮੰਦਰ ’ਚ ਮੱਥਾ ਟੇਕਿਆ
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਇੱਥੋਂ ਦੇ ਸ੍ਰੀ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਿਆ ਤੇ ਹਵਨ ਵੀ ਕਰਾਇਆ। ਇਸ ਮੌਕੇ ਮੰਦਰ ਦੇ ਮੁੱਖ ਦੁਆਰ ਵਿੱਚ ਸਿਸੋਦੀਆ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਮੱਥਾ ਟੇਕਣ ਮਗਰੋਂ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਪੰਜਾਬ ਅਸਲ ਵਿਚ ਖ਼ੁਸ਼ਹਾਲ ਸੂਬਾ ਹੈ ਪਰ ਇਸ ਨੂੰ ਬਰਬਾਦ ਕਰਨ ਵਿਚ ਇੱਥੇ ਦੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਵੱਡਾ ਕੰਮ ਕੀਤਾ ਹੈ ਜਿਸ ਨੂੰ ਖ਼ੁਸ਼ਹਾਲ ਕਰਨ ਲਈ ਪੰਜਾਬ ਨੂੰ ਖ਼ੁਦ ਹੀ ਹੰਭਲਾ ਮਾਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇੱਥੇ ਦੀਆਂ ਪਹਿਲਾਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਪੰਜਾਬ ਦੀ ਥਾਂ ਆਪਣੇ ਪਰਿਵਾਰ ਬਾਰੇ ਹੀ ਸੋਚਿਆ, ਜਿਸ ਕਰਕੇ ਇੱਥੇ ਦੇ ਸਿਆਸੀ ਲੋਕਾਂ ਦੇ ਘਰ ਵੱਡੇ ਹੁੰਦੇ ਗਏ। ਇਸ ਦੌਰਾਨ ਉਨ੍ਹਾਂ ਪੰਜਾਬੀ ਭਾਸ਼ਾ ਵਿਚ ਬੋਲਦਿਆਂ ਕਿਹਾ ਕਿ ‘ਆਪ’ ਸਰਕਾਰ ਹੁਣ ਤੱਕ ਪੰਜਾਬ ਬਾਰੇ ਸਮਝਣ ਵਿੱਚ ਕਾਮਯਾਬ ਹੋ ਗਈ ਹੈ ਹੁਣ ਅਗਲੇ ਸਾਲਾਂ ਵਿਚ ‘ਆਪ’ ਸਰਕਾਰ ਪੰਜਾਬ ਲਈ ਅਜਿਹਾ ਕੰਮ ਕਰਨ ਜਾ ਰਹੀ ਹੈ ਕਿ ਪੰਜਾਬੀ ਖ਼ੁਸ਼ਹਾਲ ਹੋਣਗੇ, ਉਹ ਗੱਲ ਵੱਖ ਹੈ ਕਿ ਕੁਝ ਵਿਰੋਧੀ ਉਨ੍ਹਾਂ ਦੀ ਆਲੋਚਨਾ ਹੀ ਕਰਦੇ ਰਹਿਣਗੇ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਤੋਂ ਇਲਾਵਾ ਅਜੇ ਅਲੀਪੁਰੀਆ ਵੀ ਮੌਜੂਦ ਸਨ।