ਸਮਾਣਾ ਹਸਪਤਾਲ ’ਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਘਾਟ
ਸਿਵਲ ਹਸਪਤਾਲ ਸਮਾਣਾ ਵਿੱਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਭਾਰੀ ਕਮੀ ਕਾਰਨ ਮਰੀਜ਼ਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਾਫ਼ੀ ਮਰੀਜ਼ ਬਿਨਾਂ ਇਲਾਜ ਕਰਵਾਏ ਹਸਪਤਾਲ ਤੋਂ ਵਾਪਸ ਜਾਣ ਲਈ ਮਜਬੂਰ ਹਨ। ਹਸਪਤਾਲ ਵਿੱਚ ਮਰੀਜ਼ਾਂ ਦੀ ਰੋਜ਼ਾਨਾ ਓਪੀਡੀ 800 ਤੱਕ ਹੈ, ਫਿਰ ਵੀ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਦੌਰਾਨ ਅੱਜ ਇਲਾਜ ਲਈ ਸਿਵਲ ਹਸਪਤਾਲ ਆਏ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਮਰੀਜ਼ਾਂ ਨੇ ਦੱਸਿਆ ਕਿ 13 ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦਾ ਤਾਂ ਇੱਕੋ ਦਿਨ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ ਜਿਸ ਕਾਰਨ ਦਿਲ, ਅੱਖਾਂ, ਦੰਦਾਂ, ਮੈਡੀਸਨ ਤੇ ਸਰਜਰੀ ਕਰਨ ਵਾਲੇ ਡਾਕਟਰਾਂ ਦੀਆਂ ਥਾਵਾਂ ਖਾਲੀ ਹੋ ਗਈਆਂ ਹਨ। ਡੈਪੂਟੇਸ਼ਨ ’ਤੇ ਡਾਕਟਰਾਂ ਨਾਲ ਵੀ ਨਹੀਂ ਪੂਰਾ ਪੈ ਰਿਹਾ। ਮਰੀਜ਼ਾਂ ਨੂੰ ਇਲਾਜ ਲਈ ਸਮਾਣਾ ਅਤੇ ਪਟਿਆਲਾ ਦੇ ਨਿੱਜੀ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਰੀਜ਼ਾਂ ਅਨੁਸਾਰ ਓਪੀਡੀ ਲਈ 5 ਕਾਊਂਟਰ ਹੋਣ ਦੇ ਬਾਵਜੂਦ ਸਿਰਫ਼ ਇੱਕ ’ਤੇ ਹੀ ਪਰਚੀ ਕੱਟੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਘੰਟਾ ਭਰ ਲਾਈਨ ਵਿੱਚ ਲੱਗਣਾ ਪੈਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਿੱਚ ਬਾਦਸ਼ਾਹਪੁਰ, ਸ਼ੁਤਰਾਣਾ, ਪਾਤੜਾ, ਖਨੌਰੀ, ਮੂਨਕ ਅਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਨਾਲ ਸਬੰਧਤ ਸੈਂਕੜੇ ਪਿੰਡਾਂ ਅਤੇ ਸ਼ਹਿਰਾਂ ਦੇ ਮਰੀਜ਼ ਇਲਾਜ ਲਈ ਆਉਂਦੇ ਹਨ ਅਤੇ ਹਰ ਮਹੀਨੇ 125 ਤੋਂ 150 ਜਣੇਪੇ ਦੇ ਕੇਸ ਕੀਤੇ ਜਾਂਦੇ ਹਨ। ਇਨ੍ਹਾਂ ਮਰੀਜ਼ਾਂ ਦੀ ਦੇਖਭਾਲ ਲਈ ਡਾਕਟਰਾਂ ਤੇ ਸਟਾਫ਼ ਦੀ ਕਮੀ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ’ਤੇ ਸਵਾਲ ਖੜ੍ਹੇ ਕਰਦੀ ਹੈ।
ਐੱਸ ਐੱਮ ਓ ਵੱਲੋਂ ਸਟਾਫ਼ ਦੀ ਘਾਟ ਦੀ ਪੁਸ਼ਟੀ
ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪਿੰਦਰ ਸਿੰਘ ਨੇ ਡਾਕਟਰਾਂ ਅਤੇ ਸਟਾਫ਼ ਦੀ ਕਮੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 29 ਸਟਾਫ਼ ਨਰਸਾਂ ਵਿੱਚੋਂ 23 ਸੀਟਾਂ ਖਾਲੀ ਹਨ ਅਤੇ ਕਈ ਮਾਹਿਰ ਡਾਕਟਰ ਵੀ ਮੌਜੂਦ ਨਹੀਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਕਮੀ ਨੂੰ ਪੂਰਾ ਕੀਤਾ ਜਾਵੇਗਾ।
