ਸੀਵਰੇਜ ਪ੍ਰਾਜੈਕਟ ’ਚ ਰਜਵਾਹੇ ਦਾ ਪਾਣੀ ਅੜਿੱਕਾ ਬਣਿਆ
ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੇ ਤਕਰੀਬਨ ਅੱਠ ਪਿੰਡਾਂ ਲਈ 19 ਕਰੋੜ ਦੀ ਕੀਮਤ ਨਾਲ ਬਣਨ ਵਾਲੇ ਸੀਵਰੇਜ ਪ੍ਰਾਜੈਕਟ ਦੇ ਕੰਮ ਨੂੰ ਸ਼ੁਰੂ ਹੋਇਆਂ ਤਕਰੀਬਨ ਡੇਢ ਸਾਲ ਹੋਣ ਵਾਲਾ ਹੈ ਪਰ ਇੰਨੇ ਸਮੇਂ ਵਿੱਚ ਹਾਲੇ ਤੱਕ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ। ਇਸ ਪ੍ਰਾਜੈਕਟ ਦਾ ਹੁਣ ਤੱਕ ਸਿਰਫ ਅੱਧਾ ਕੁ ਕੰਮ ਨਿੱਬੜਿਆ ਹੈ। ਇਸ ਅਧੂਰੇ ਪਏ ਕੰਮ ਕਰਕੇ ਦੇਵੀਗੜ੍ਹ ਤੋਂ ਲੈ ਕੇ ਨਹਿਰੀ ਵਿਭਾਗ ਦੇ ਅਰਾਮ ਘਰ ਤੱਕ ਸੜਕ ਪੁੱਟੀ ਨੂੰ ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਜਿਸ ਕਰਕੇ ਇਸ ਸੜਕ ਦੇ ਟੁੱਕੜੇ ਵਿੱਚ ਭਾਰੀ ਮਾਤਰਾ ਵਿੱਚ ਟੋਏ ਅਤੇ ਅੜਿੱਕੇ ਬਣੇ ਹੋਏ ਹਨ, ਜਿਸ ਕਰਕੇ ਇਸ ਸੜਕ ਤੋਂ ਲੰਘਣ ਵਾਲੇ ਕਈ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੀਵਰੇਜ ਪ੍ਰਾਜੈਕਟ ਦਾ ਕੰਮ ਹਾਲੇ ਅਧੂਰਾ ਪਿਆ ਹੈ। ਹੁਣ ਤੱਕ ਸਿਰਫ ਪਿੰਡ ਕਪੂਰੀ ਤੋਂ ਪੁਰਾਣਾ ਬਾਜ਼ਾਰ ਦੇਵੀਗੜ੍ਹ, ਬਹਾਦਰਪੁਰ ਫਕੀਰਾਂ ਉਰਫ ਛੰਨਾਂ ਪਿੰਡ ਤੋਂ ਰਜਵਾਹੇ ਦੀ ਸੜਕ ਤੋਂ ਕਰਾਸਿੰਗ ਤੱਕ ਅਤੇ ਪਿੰਡ ਜੁਲਕਾਂ ਤੋਂ ਪਿੰਡ ਭੰਬੂਆਂ ਤੱਕ ਹੀ ਕੰਮ ਨੇਪਰੇ ਚੜ੍ਹਿਆ ਹੈ। ਇਸ ਤੋਂ ਇਲਾਵਾ ਜੋ ਟ੍ਰੀਟਮੈਂਟ ਪਲਾਂਟ ਭੰਬੂਆਂ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਬਣ ਰਿਹਾ ਹੈ, ਉਸ ਦਾ ਵੀ ਹਾਲੇ ਬਹੁਤ ਸਾਰਾ ਕੰਮ ਅਧੂਰਾ ਪਿਆ ਹੈ ਅਤੇ ਇਸ ਵੇਲੇ ਇਸ ਉੱਪਰ ਚੱਲ ਰਿਹਾ ਕੰਮ ਵੀ ਬੰਦ ਪਿਆ ਹੈ। ਇਸ ਅਧੂਰੇ ਪਏ ਕੰਮ ਕਰਕੇ ਕਸਬਾ ਦੇਵੀਗੜ੍ਹ, ਕਪੂਰੀ, ਛੰਨਾਂ, ਭੰਬੂਆਂ ਅਤੇ ਜੁਲਕਾਂ ਦੇ ਪਿੰਡਾਂ ਦੇ ਗੰਦੇ ਪਾਣੀ ਦਾ ਨਿਕਾਸ ਬੰਦ ਪਿਆ ਹੈ। ਇਸ ਅਧੂਰੇ ਪਏ ਕੰਮ ਕਰਕੇ ਲੋਕ ਬੜੇ ਪ੍ਰੇਸ਼ਾਨ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੀਵਰੇਜ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਦੋ ਚਾਰ ਦਿਨਾਂ ਵਿੱਚ ਹੀ ਸਬੰਧਤ ਵਿਭਾਗ ਅਤੇ ਠੇਕੇਦਾਰ ਨਾਲ ਮੀਟਿੰਗ ਕਰਕੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਦੇ ਉਪਰਾਲੇ ਕੀਤੇ ਜਾਣਗੇ।
ਫਰਵਰੀ-ਮਾਰਚ ’ਚ ਪਾਣੀ ਬੰਦ ਕਰਨ ਦਾ ਸਮਾਂ ਦਿੱਤਾ: ਜੇਈ
ਇਸ ਬਾਰੇ ਸੀਵਰੇਜ ਵਿਭਾਗ ਦੇ ਜੇ ਈ ਵਿਕਾਸ ਨੇ ਦੱਸਿਆ ਕਿ ਇਸ ਦੇ ਕੰਮ ਨੂੰ ਅੱਗੇ ਚਲਾਉਣ ਲਈ ਲੇਹਲਾਂ-ਕੋਟਲਾ ਰਜਵਾਹੇ ਦਾ ਪਾਣੀ ਬੰਦ ਕਰਨਾ ਪੈਂਦਾ ਹੈ, ਜਿਸ ਨੂੰ ਨਹਿਰੀ ਵਿਭਾਗ ਇਸ ਵੇਲੇ ਬੰਦ ਨਹੀਂ ਕਰ ਰਿਹਾ, ਜਿਸ ਕਰਕੇ ਇਸ ਸੀਵਰੇਜ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਵੱਡਾ ਅੜਿੱਕਾ ਇਹ ਰਜਵਾਹੇ ਦਾ ਪਾਣੀ ਬੰਦ ਨਾ ਹੋਣਾ ਹੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਇਸ ਰਜਵਾਹੇ ਨੂੰ ਬੰਦ ਕਰਨ ਦਾ ਸਮਾਂ ਅਗਲੇ ਸਾਲ ਫਰਵਰੀ-ਮਾਰਚ ਮਹੀਨੇ ਵਿੱਚ ਦੇ ਰਿਹਾ ਹੈ।
ਰਜਵਾਹੇ ਦਾ ਪਾਣੀ 15 ਦਿਨਾਂ ਲਈ ਬੰਦ ਹੈ: ਐੱਸ ਡੀ ਓ
ਨਹਿਰੀ ਵਿਭਾਗ ਦੇ ਐੱਸ ਡੀ ਓ ਸ਼ੁਸ਼ਾਂਤ ਨੇ ਦੱਸਿਆ ਕਿ ਇਸ ਵੇਲੇ ਸਬੰਧਤ ਰਜਵਾਹੇ ਦਾ ਪਾਣੀ 15 ਦਿਨ ਲਈ ਬੰਦ ਹੈ ਅਤੇ ਉਨ੍ਹਾਂ ਸੀਵਰੇਜ ਵਿਭਾਗ ਨੂੰ ਸੀਵਰੇਜ ਦਾ ਕੰਮ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜ ਜਾਂ ਸੱਤ ਦਿਨ ਹੋਰ ਵੀ ਦੇ ਸਕਦੇ ਹਨ ਪਰ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨਾ ਕੁ ਸਮਾਂ ਇਸ ਪ੍ਰਾਜੈਕਟ ਲਈ ਘੱਟ ਹੈ, ਇਸ ਸਮੇਂ ਨੂੰ ਹੋਰ ਵਧਾਇਆ ਜਾਵੇ ਤਾਂ ਹੀ ਕੰਮ ਸ਼ੁਰੂ ਹੋ ਸਕਦਾ ਹੈ। ਐੱਸ ਡੀ ਓ ਨੇ ਕਿਹਾ ਕਿ ਸੀਵਰੇਜ ਵਿਭਾਗ ਨੇ ਬਣਦੀ ਫੀਸ ਵੀ ਹਾਲੇ ਤੱਕ ਨਹਿਰੀ ਵਿਭਾਗ ਨੂੰ ਜਮ੍ਹਾਂ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਜੇ ਸੀਵਰੇਜ ਵਿਭਾਗ ਨੂੰ ਪਾਣੀ ਬੰਦ ਲਈ ਸਮਾਂ ਜ਼ਿਆਦਾ ਚਾਹੀਦਾ ਹੈ ਤਾਂ ਉਹ ਮਾਰਚ-ਅਪਰੈਲ ਮਹੀਨੇ ਵਿੱਚ ਹੀ ਮਿਲ ਸਕਦਾ ਹੈ।
