ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਸੰਵਿਧਾਨ ਅਤੇ ਜਮਹੂਰੀਅਤ: ਦਰਪੇਸ਼ ਚੁਣੌਤੀਆਂ ਵਿਸ਼ੇ ਬਾਰੇ ਸੈਮੀਨਾਰ

ਸੰਵਿਧਾਨ ਤਹਿਤ ਆਜ਼ਾਦੀ ਦੇ ਨਾਲ-ਨਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ: ਅਪੂਰਵਾਨੰਦ
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਆਲੋਚਕ ਪ੍ਰੋਫੈਸਰ ਅਪੂਰਵਾਨੰਦ।
Advertisement

ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 25ਵੇਂ ਮਹਾ ਸੰਮੇਲਨ ਨੂੰ ਸਮਰਪਿਤ ਸੂਬੇ ਵਿੱਚ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਸਥਾਨਕ ਪ੍ਰਭਾਤ ਪਰਵਾਨਾ ਹਾਲ ਵਿੱਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਦੀ ਦੇਖ-ਰੇਖ ਵਿੱਚ ‘ਭਾਰਤੀ ਸੰਵਿਧਾਨ ਅਤੇ ਜਮਹੂਰੀਅਤ: ਦਰਪੇਸ਼ ਚੁਣੌਤੀਆਂ’ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਆਲੋਚਕ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ, ਮਾਰਕਸੀ ਆਲੋਚਕ ਪੱਤਰਕਾਰ ਅਤੇ ਮਹਾਂ ਸੰਮੇਲਨ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਡਾ. ਸਵਰਾਜਬੀਰ ਨੇ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।

ਪ੍ਰੋ. ਅਪੂਰਵਾਨੰਦ ਨੇ ਕਿਹਾ ਕਿ ਭਾਰਤੀ ਸੰਵਿਧਾਨ ਹਰ ਦੇਸ਼ਵਾਸੀ ਨੂੰ ਆਜ਼ਾਦੀ ਨਾਲ ਰਹਿਣ ਅਤੇ ਜਿਊਣ ਦਾ ਅਧਿਕਾਰ ਦੇਣ ਦੇ ਨਾਲ-ਨਾਲ ਵਿਚਾਰਾਂ ਦੀ ਪ੍ਰਗਟਾਵੇ ਦਾ ਅਧਿਕਾਰ ਦਿੰਦਾ ਹੈ ਪਰ ਮੌਜੂਦਾ ਨਿਜ਼ਾਮ ਸੰਵਿਧਾਨ ਦੇ ਨਿਯਮਾਂ ਸਿਧਾਂਤਾਂ ਨੂੰ ਮਲੀਆਮੇਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਤੋਂ ਦੇਸ਼ ਅੰਦਰ ਸੱਤਾ ਉੱਤੇ ਕਾਬਜ਼ ਫਾਸ਼ੀਵਾਦੀ ਤਾਕਤਾਂ ਵੱਲੋਂ ਧਰਮ ਦੇ ਨਾਂ ਉੱਤੇ ਲੋਕਤੰਤਰ ਅਤੇ ਦੇਸ਼ ਵਿਚਲੀ ਧਰਮ ਨਿਰਪੱਖਤਾ ਦੀ ਸਾਖ਼ ਨੂੰ ਢਾਹ ਲਾਈ ਜਾ ਰਹੀ ਹੈ।

Advertisement

ਡਾ. ਸਵਰਾਜਬੀਰ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਨਿਆਂਪਾਲਿਕਾ ਅਤੇ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੇ ਸਿਰ ਸੀ ਪਰ ਬਦਕਿਸਮਤੀ ਦੀ ਗੱਲ ਹੈ ਕਿ ਬੀਜੇਪੀ ਵੱਲੋਂ ਇਨ੍ਹਾਂ ਸੰਸਥਾਵਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਮਿਊਨਿਸਟ ਆਗੂਆਂ ਤੇ ਵਰਕਰਾਂ ਖ਼ਿਲਾਫ਼ ਭਾਜਪਾ ਵੱਲੋਂ ਵਿੱਢੀ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਲਈ ਲੜਨ ਵਾਲਿਆਂ ਨੂੰ ਪਹਿਲਾਂ ਨਕਸਲਬਾੜੀ ਅਤੇ ਹੁਣ ਅਰਬਨ ਨਕਸਲੀ ਕਹਿ ਕੇ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ। ਲੋਕ ਕਦੇ ਵੀ ਸੰਵਿਧਾਨ ਨਾਲ ਛੇੜ-ਛਾੜ ਬਰਦਾਸ਼ਤ ਨਹੀਂ ਕਰਨਗੇ। ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਪਾਰਟੀ ਮਹਾਂ ਸੰਮੇਲਨ ਮੌਕੇ 21 ਸਤੰਬਰ ਨੂੰ ਮੁਹਾਲੀ ਵਿੱਚ ਕੀਤੀ ਜਾ ਰਹੀ ਰੈਲੀ ਲਈ ਵਧ-ਚੜ੍ਹ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਸੰਵਿਧਾਨ ਦੀ ਰਾਖੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਵੇਲੇ ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ। ਪ੍ਰੋਫੈਸਰ ਬਲਬੀਰ ਸਿੰਘ ਬੱਲੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

Advertisement