ਸਾਹਿਤ ਅਕਾਦਮੀ ਵੱਲੋਂ ਸੈਮੀਨਾਰ
ਇੱਥੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸਾਹਿਤ ਅਕਾਦਮੀ ਦਿੱਲੀ ਵੱਲੋਂ ‘ਵਿਸ਼ਵ ਸਾਹਿਤ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਵਿਚ ਉੱਘੇ ਅਨੁਵਾਦਕ ਤੇ ਲੇਖਕ ਜੰਗ ਬਹਾਦਰ ਗੋਇਲ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਦੁਨੀਆ ਦੀ ਕੋਈ ਅਜਿਹੀ ਭਾਸ਼ਾ ਨਹੀਂ ਹੈ ਜਿਸ ਨੂੰ ਸਾਰੀ ਦੁਨੀਆ ਪੜ੍ਹ, ਲਿਖ ਤੇ ਬੋਲ ਸਕਦਾ ਹੋਵੇ ਪਰ ਦੁਨੀਆ ਭਰ ਦੀਆਂ ਸ਼ਾਹਕਾਰ ਰਚਨਾਵਾਂ ਅਨੁਵਾਦ ਜ਼ਰੀਏ ਹੀ ਸੰਸਾਰ ਦੇ ਕੋਨੇ-ਕੋਨੇ ’ਚ ਪਹੁੰਚ ਸਕਦੀਆਂ ਹਨ। ਉੱਘੇ ਨਾਵਲਕਾਰ ਤੇ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਦੀ ਅਗਵਾਈ ’ਚ ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕੀਤੀ ਅਤੇ ਆਲੋਚਕ ਡਾ. ਲਾਭ ਸਿੰਘ ਖੀਵਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਅਨੁਵਾਦ ਇੱਕ ਜਹਾਜ਼ ਹੈ ਜੋ ਪਾਠਕ ਨੂੰ ਦੁਨੀਆ ਦੇ ਹਰ ਕੋਨੇ ’ਚ ਪਹੁੰਚਾ ਦਿੰਦਾ ਹੈ। ਆਪਣਾ ਸਾਹਿਤ ਪੜ੍ਹਨਾ ਹੋਰ ਗੱਲ ਹੈ ਪਰ ਵਿਦੇਸ਼ੀ ਸਾਹਿਤ ਪੜ੍ਹ ਕੇ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ। ਪ੍ਰਧਾਨਗੀ ਭਾਸ਼ਣ ’ਚ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਜੰਗ ਬਹਾਦਰ ਗੋਇਲ ਨੇ ਅਨੁਵਾਦ ਦੇ ਕਾਰਜ ਦੌਰਾਨ ਭਾਸ਼ਾ ਨੂੰ ਸਰਲਤਾ ਪ੍ਰਦਾਨ ਕੀਤੀ ਹੈ ਜਿਸ ਕਾਰਨ ਹੀ ਉਨ੍ਹਾਂ ਦੁਆਰਾ ਅਨੁਵਾਦ ਕੀਤਾ ਵਿਸ਼ਵ ਸਾਹਿਤ ਮਕਬੂਲ ਹੋਇਆ ਹੈ। ਇਸ ਮੌਕੇ ਡਾ. ਲਕਸ਼ਮੀ ਨਰਾਇਣ ਭੀਖੀ, ਅਵਤਾਰਜੀਤ, ਇੰਦਰਪਾਲ ਸਿੰਘ, ਧਰਮ ਕੰਮੇਆਣਾ, ਸਾਬਕਾ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਵਿਰਕ ਨੇ ਜੰਗ ਬਹਾਦਰ ਗੋਇਲ ਨਾਲ ਸੰਵਾਦ ਰਚਾ ਕੇ ਸਮਾਗਮ ਨੂੰ ਬਹੁਪਰਤੀ ਬਣਾ ਦਿੱਤਾ।