ਸਰਨਾ ਤੇ ਰੱਖੜਾ ਵੱਲੋਂ ਟੌਹੜਾ ਪਰਿਵਾਰ ਨਾਲ ਮੁਲਾਕਾਤ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਟੌਹੜਾ ਪਿੰਡ ਪੁੱਜ ਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ਸਬੰਧੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਸਰਨਾ ਤੇ ਸ੍ਰੀ ਸ੍ਰੀ ਰੱਖੜਾ ਨੇ ਟੌਹੜਾ ਦੀ ਪਤਨੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦੋਵੇਂ ਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਤੇ ਕੰਵਰਵੀਰ ਸਿੰਘ ਟੌਹੜਾ, ਨੂੰਹਾਂ ਪ੍ਰੋ. ਹਰਨੀਤ ਕੌਰ ਤੇ ਮਹਿਰੀਨ ਕਾਲੇਕਾ ਸਮੇਤ ਹੋਰਨਾ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨੌਜਵਾਨ ਆਗੂ ਅਮਰਿੰਦਰ ਸਿੰਘ ਕਾਲੇਕਾ, ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਟੌਹੜਾ ਅਤੇ ਪੰਚ ਤੇ ਟੌਹੜਾ ਪਰਿਵਾਰ ਦੇ ਕਰੀਬੀ ਨੌਜਵਾਨ ਸਨੀ ਟੌਹੜਾ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ। ਸ੍ਰੀ ਸਰਨਾ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਯਾਦ ਕੀਤਾ। ਉਨ੍ਹਾਂ ਦੀਆਂ ਸੇਵਾਵਾਂ ਨੂੰ ਨਤਮਸਤਕ ਹੋਏ ਸ੍ਰੀ ਸਰਨਾ ਦਾ ਕਹਿਣਾ ਸੀ ਕਿਉਂਕਿ ਉਹ ਟੌਹੜਾ ਨੂੰ ਬਾਪੂ ਦਾ ਦਰਜਾ ਦਿੰਦੇ ਸਨ ਤੇ ਹਰਮੇਲ ਸਿੰਘ ਟੌਹੜਾ ਉਨ੍ਹਾਂ ਦੇ ਭਰਾਵਾਂ ਸਮਾਨ ਸਨ। ਉਨ੍ਹਾਂ ਕਿਹਾ ਕਿ ਹਰਮੇਲ ਸਿੰਘ ਟੌਹੜਾ ਦੇ ਚਲੇ ਜਾਣ ਨਾਲ ਨਾ ਸਿਰਫ ਪਰਿਵਾਰ, ਬਲਕਿ ਪੰਜਾਬ ਤੇ ਸਮਾਜ ਨੂੰ ਵੀ ਘਾਟਾ ਪਿਆ ਹੈ ਕਿਉਂਕਿ ਉਹ ਰਾਜਨੀਤਕ ਨਾ ਹੋ ਕੇ ਲੋਕ ਹਿੱਤ ਤੇ ਸਮਾਜ ਸੇਵੀ ਇਨਸਾਨਾਂ ਵਾਲੀ ਤਸੀਰ ਦੇ ਮਾਲਕ ਸਨ। ਉਹ ਖਰੀ ਗੱਲ ਕਰਦੇ ਸਨ ਪਰ ਹੁਣ ਰਾਜਨੀਤੀ ਗੰਧਲੀ ਹੋ ਗਈ ਹੈ। ਇਸ ਮੌਕੇ ਪ੍ਰਿੰਸੀਪਲ ਭਰਪੂਰ ਸਿੰਘ ਲੌਟ, ਹਰਮੇਲ ਸਿੰਘ ਟੌਹੜਾ ਦੇ ਪੀਏ ਸੁਖਦੇਵ ਸਿੰਘ ਪੰਡਤਾਂਖੇੜੀ, ਕਿਸਾਨ ਆਗੂ ਜਸਦੇਵ ਸਿੰਘ ਨੂਗੀ, ਡਾ. ਬਲਵੀਰ ਸਿੰਘ ਭੱਟਮਾਜਰਾ,ਰਾਣਾ ਨਿਰਮਾਣ, ਪੰਮਾ ਪਨੌਦੀਆਂ, ਹਰਵਿੰਦਰ ਕਾਲਵਾ ਤੇ ਸੁਖਦੇਵ ਸਿੰਘ ਕਾਲਵਾ ਆਦਿ ਹਾਜ਼ਰ ਸਨ।