ਸਮਾਣਾ: ਲਾਪਤਾ ਪੁਲੀਸ ਕਾਂਸਟੇਬਲ ਮਿਲਿਆ
ਮੁਹਾਲੀ ਵਿੱਚ ਤਾਇਨਾਤ ਸਮਾਣਾ ਦੇ ਰਹਿਣ ਵਾਲੇ ਕਾਂਸਟੇਬਲ ਸਤਿੰਦਰ ਸਿੰਘ ਨੂੰ ਲੱਭ ਕੇ ਪੁਲੀਸ ਨੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਤਿੰਦਰ ਸਿੰਘ 8 ਜੁਲਾਈ ਦੀ ਰਾਤ ਨੂੰ ਮੁਹਾਲੀ ਤੋਂ ਸਮਾਣਾ ਆਉਂਦੇ ਹੋਏ ਲਾਪਤਾ ਹੋ ਗਿਆ ਸੀ। ਡੀਐੱਸਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ ਸਮਾਣਾ, ਸੀਆਈਏ ਪਟਿਆਲਾ, ਸਪੈਸ਼ਲ ਸੈੱਲ ਅਤੇ ਵੱਖ-ਵੱਖ ਪੁਲੀਸ ਟੀਮਾਂ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਅਜੀਤ ਨਗਰ ਸਮਾਣਾ ਦੇ ਵਾਸੀ ਕਾਂਸਟੇਬਲ ਸਤਿੰਦਰ ਸਿੰਘ ਨੂੰ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਪਰਿਵਾਰਕ ਝਗੜੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਕਾਬਿਲੇਗੌਰ ਹੈ ਕਿ 8 ਜੁਲਾਈ ਦੀ ਰਾਤ ਨੂੰ ਪੁਲੀਸ ਕਾਂਸਟੇਬਲ ਸਤਿੰਦਰ ਸਿੰਘ, ਜੋ ਕਿ ਮੁਹਾਲੀ ਤੋਂ ਸਮਾਣਾ ਕਾਰ ਵਿੱਚ ਆ ਰਿਹਾ ਸੀ, ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਭਾਨਰੀ ਨੇੜੇ ਲਾਪਤਾ ਹੋ ਗਿਆ ਸੀ, ਜਦੋਂ ਕਿ ਉਸ ਦੀ ਕਾਰ ਪਿੰਡ ਭਾਨਰੀ ਦੇ ਬੱਸ ਅੱਡੇ ਕੋਲ ਖੜ੍ਹੀ ਮਿਲੀ ਸੀ ਜਿਸ ਵਿੱਚ ਕੁਝ ਖੂਨ ਦੇ ਨਿਸ਼ਾਨ ਅਤੇ ਹੋਰ ਸਾਮਾਨ ਮਿਲਣ ਤੋਂ ਬਾਅਦ ਪੁਲੀਸ ਅਤੇ ਪਰਿਵਾਰ ਬਹੁਤ ਡਰੇ ਹੋਏ ਸਨ। ਪਰਿਵਾਰ ਨੇ ਇਸ ਨੂੰ ਕਾਤਲਾਨਾ ਹਮਲੇ ਤੋਂ ਬਾਅਦ ਅਗਵਾ ਦਾ ਮਾਮਲਾ ਦੱਸਦਿਆਂ ਪਸਿਆਣਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਇਆ। ਇਸ ਤੋਂ ਬਾਅਦ ਵੱਖ-ਵੱਖ ਪੁਲੀਸ ਟੀਮਾਂ ਨੇ ਲਾਪਤਾ ਪੁਲੀਸ ਕਾਂਸਟੇਬਲ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਸਬੰਧ ਵਿੱਚ ਗੋਤਾਖੋਰਾਂ ਦੀਆਂ ਕਈ ਟੀਮਾਂ ਨੇ ਕਈ ਦਿਨਾਂ ਤੋਂ ਭਾਖੜਾ ਨਹਿਰ ਵਿੱਚ ਲਾਪਤਾ ਪੁਲੀਸ ਕਰਮਚਾਰੀ ਦੀ ਭਾਲ ਵੀ ਕੀਤੀ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਕਾਂਸਟੇਬਲ ਨੂੰ ਛੁੱਟੀ ’ਤੇ ਘਰ ਭੇਜ ਦਿੱਤਾ ਗਿਆ ਹੈ।