ਮਲਾਹ ਜੱਗਾ ਸਿੰਘ ਨੇ ਬਚਾਈਆਂ ਅਣਗਿਣਤ ਜਾਨਾਂ
ਮਲਾਹ ਜੱਗਾ ਸਿੰਘ ਨੇ ਦੱਸਿਆ ਕਿ ਪੁਰਾਣੇ ਵੇਲਿਆਂ ’ਚ ਜਦੋਂ ਘੱਗਰ ਦਰਿਆ ’ਤੇ ਇਸ ਖੇਤਰ ’ਚ ਪੁਲ ਨਹੀਂ ਸੀ ਤਾਂ ਲੋਕਾਂ ਨੂੰ ਇਧਰੋ-ਉਧਰ ਲਿਆਉਣ-ਲਿਜਾਣ ਲਈ ਇੱਕ-ਇੱਕ ਸਾਧਨ ਉਸ ਦੀ ਇਹ ਬੇੜੀ ਸੀ। ਉਹ ਪਿਤਾ ਪੁਰਖੀ ਕਿੱਤੇ ਵਜੋਂ 18 ਸਾਲ ਦੀ ਉਮਰ ਤੋਂ ਚੱਪੂ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ 1988, 1993 ਤੇ ਫਿਰ 2023 ’ਚ ਜਦੋਂ ਇਲਾਕੇ ’ਚ ਹੜ੍ਹ ਆਇਆ ਸੀ ਤਾਂ ਉਸ ਨੇ ਬੇੜੀ ਜ਼ਰੀਏ ਹੜ੍ਹ ਪੀੜਤਾਂ ਦੀ ਦਿਨ-ਰਾਤ ਸੇਵਾ ਕੀਤੀ। ਉਸ ਨੇ ਦੋ ਸਾਲ ਪਹਿਲਾਂ ਆਪਣੀ ਬੇੜੀ ਜ਼ਰੀਏ 15 ਪਰਵਾਸੀ ਮਜ਼ਦੂਰਾਂ ਦੀ ਜਾਨ ਬਚਾਈ ਸੀ।
ਮਲਾਹ ਜੱਗਾ ਸਿੰਘ ਨੇ ਸ਼ਿਕਵਾ ਕਰਦਿਆਂ ਦੱਸਿਆਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ 15 ਅਗਸਤ ਨੂੰ ਉਸ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਪਰ ਹਾਲੇ ਤਾਈਂ ਕੋਈ ਆਰਥਿਕ ਮਦਦ ਨਹੀਂ ਮਿਲੀ। ਉਸ ਨੇ ਦੱਸਿਆ ਕਿ ਪੁਰਾਣੇ ਸਮੇਂ ਤੋਂ ਹੁਣ ਤੱਕ ਪਿੰਡ ਦੇ ਲੋਕ ਉਸ ਨੂੰ ਛਿਮਾਹੀ ਦੌਰਾਨ ਦਾਣਾ-ਫੱਕਾ ਦਿੰਦੇ ਹਨ ਤੇ ਉਹ ਆਪਣਾ ਜੀਵਨ ਬਸਰ ਕਰਨ ਲਈ ਚੱਪੂ ਚਲਾ ਰਿਹਾ ਹੈ। ਦੱਸਣਯੋਗ ਹੈ ਕਿ ਵਡੇਰੀ ਉਮਰ ਦਾ ਮਲਾਹ ਜੱਗਾ ਸਿੰਘ ਚੰਗਾ ਤਾਰੂ ਹੋਣ ਤੋਂ ਇਲਾਵਾ ਬੇੜੀ ਦਾ ਵੀ ਚੰਗਾ ਚੱਪੂਦਾਰ ਹੈ। ਇਲਾਕੇ ਦੀ ਮਹਿਲਾ ਕਿਸਾਨ ਆਗੂ ਚਰਨਜੀਤ ਕੌਰ ਕੰਗ ਮੁਤਾਬਿਕ ਮਲਾਹ ਜੱਗਾ ਸਿੰਘ ਦੀ ਇਲਾਕੇ ਨੂੰ ਵੱਡੀ ਦੇਣ ਹੈ, ਜਿਸ ਦਾ ਇਲਾਕਾ ਮੁੱਲ ਨਹੀਂ ਮੋੜ ਸਕਦਾ।