ਮਾਲੇਰਕੋਟਲਾ ’ਚ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ‘ਸੁੰਗੜੀ’
ਸਕੂਲ ਵਾਹਨ ਚਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਾਹਨ ਚਾਲਕਾਂ ਨੂੰ ਉਕਤ ਖੇਤਰਾਂ ਵਿੱਚ ਹਰ ਰੋਜ਼ ਆਵਾਜਾਈ ਜਾਮ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਲ ਜਿੰਦਲ ਨੇ ਕਿਹਾ ਕਿ ਸ਼ਹਿਰ ਦੀਆਂ ਕਈ ਸੜਕਾਂ ਅਤੇ ਬਾਜ਼ਾਰ ’ਚ ਲੰਬਾਈ ਅਤੇ ਚੌੜਾਈ ਦੋਵਾਂ ਪੱਖੋਂ ਕਾਫ਼ੀ ਜਗ੍ਹਾ ਹੈ ਪਰ ਅਸਥਾਈ ਕਬਜ਼ਿਆਂ ਕਾਰਨ ਰੋਜ਼ਾਨਾ ਟ੍ਰੈਫਿਕ ਜਾਮ ਰਹਿੰਦਾ ਹੈ। ਰੋਹਿਤ ਸ਼ਰਮਾ ਅਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਆਵਾਜਾਈ ਵਿੱਚ ਵਿਘਨ ਰੋਕਣ ਲਈ ਅਸਥਾਈ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ ਅਤੇ ਦੁਕਾਨਦਾਰਾਂ ਨੂੰ ਆਪਣੀ ਸੀਮਤ ਜਗ੍ਹਾ ਦੇ ਅੰਦਰ ਕੰਮ ਕਰਨ ਲਈ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਪੇਂਟਰ ਪ੍ਰੀਤਮ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨੂੰ ਬਾਜ਼ਾਰਾਂ ਦੀਆਂ ਸੜਕਾਂ ’ਤੇ ਰੰਗੀਨ ਪੱਟੀਆਂ (ਲਕੀਰਾਂ) ਲਗਾਉਣੀਆਂ ਚਾਹੀਦੀਆਂ ਹਨ ਅਤੇ ਨਜਾਇਜ਼ ਕਬਜ਼ੇ ਰੋਕਣ ਲਈ ਨਗਰ ਕੌਂਸਲ ਨੂੰ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ ਅੰਦਰ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ ਹੈ। ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ ਅਤੇ ਸੜਕਾਂ ’ਤੇ ਪਿਆ ਸਾਮਾਨ ਵੀ ਜ਼ਬਤ ਕੀਤਾ ਜਾਂਦਾ ਹੈ।
