ਜਲ ਸੈਨਾ ’ਚ ਭਰਤੀ ਦੀਆਂ ਤਿਆਰੀਆਂ ਦੀ ਸਮੀਖਿਆ
ਪੱਤਰ ਪ੍ਰੇਰਕ
ਪਟਿਆਲਾ, 9 ਜੁਲਾਈ
ਪਟਿਆਲਾ ਦੇ ਐੱਮਡੀਐੱਮ ਗੁਰਦੇਵ ਸਿੰਘ ਧੰਮ ਅਤੇ ਆਰਮੀ ਭਰਤੀ ਡਾਇਰੈਕਟਰ ਕਰਨਲ ਜੀਆਰਐੱਸ ਰਾਜਾ ਦੀ ਅਗਵਾਈ ਹੇਠ ਜਲ ਸੈਨਾ ਵਿੱਚ ਭਰਤੀ ਦੀ ਵਿਸ਼ੇਸ਼ ਤਿਆਰੀਆਂ ਦੀ ਸਮੀਖਿਆ ਲਈ ਬੈਠਕ ਕੀਤੀ ਗਈ। ਇਸ ਦੌਰਾਨ ਐੱਸਡੀਐੱਮ ਨੇ ਦੱਸਿਆ ਕਿ ਪੰਜਾਬ ਦੇ ਛੇ ਜ਼ਿਲ੍ਹਿਆਂ ,ਪਟਿਆਲਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਲਿਖਤੀ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰਾਂ ਲਈ ਜਲ ਸੈਨਾ ਵਿੱਚ ਭਰਤੀ ਦਾ ਫਿਜ਼ੀਕਲ ਟੈਸਟ 31 ਜੁਲਾਈ ਤੋਂ 11 ਅਗਸਤ ਤੱਕ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪਟਿਆਲਾ ਵਿੱਚ ਕੀਤਾ ਜਾ ਰਿਹਾ ਹੈ। ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵੱਲ ਇਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਜਾਰੀ ਨਿਰਦੇਸ਼ਾਂ ਵਿੱਚ ਟਰੈਫ਼ਿਕ ਡਾਇਵਰਜ਼ਨ, ਮੈਡੀਕਲ ਐਮਰਜੈਂਸੀ ਸਹੂਲਤਾਂ, ਪਖਾਨੇ, ਪੀਣ ਵਾਲਾ ਪਾਣੀ, ਮੀਂਹ ਤੋ ਬਚਾਅ ਲਈ ਤਰਪਾਲ ਸ਼ੈਲਟਰ, ਲਾਈਟਿੰਗ, ਬੈਰੀਕੇਟਿੰਗ, ਸੁਰੱਖਿਆ ਪ੍ਰਬੰਧ, ਸਾਫ਼ ਸਫ਼ਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ।