ਨਿਗਮ ਵੱਲੋਂ ਪਟਿਆਲਾ ਵਾਸੀਆਂ ਨੂੰ ਰਾਹਤ
ਪਟਿਆਲਾ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਹੁਣ ਸ਼ਹਿਰ ਵਾਸੀ 31 ਅਗਸਤ ਤੱਕ ਆਪਣਾ ਪ੍ਰਾਪਰਟੀ ਟੈਕਸ ਬਿਨਾਂ ਕਿਸੇ ਜੁਰਮਾਨੇ ਦੇ ਭਰ ਸਕਦੇ ਹਨ। ਇਹ ਮੌਕਾ ਸਰਕਾਰ ਵੱਲੋਂ ਚਲਾਈ ਗਈ ‘ਵਨ ਟਾਈਮ ਸੈਟਲਮੈਂਟ ਸਕੀਮ’ ਤਹਿਤ ਦਿੱਤਾ ਗਿਆ ਹੈ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਵਾਰ-ਵਾਰ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਸਮੇਂ ਸਿਰ ਆਪਣਾ ਟੈਕਸ ਜ਼ਰੂਰ ਭਰਨ। ਉਨ੍ਹਾਂ ਦੱਸਿਆ ਕਿ ਟੈਕਸ ਦੀ ਆਮਦਨ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਖ਼ਰਚ ਕੀਤੀ ਜਾਂਦੀ ਹੈ, ਜਿਸ ਵਿੱਚ ਸਫ਼ਾਈ, ਸੜਕਾਂ ਦੀ ਮੁਰੰਮਤ, ਲਾਈਟਾਂ ਦੀ ਸਹੂਲਤ ਅਤੇ ਹੋਰ ਜਨਹਿਤ ਕਾਰਜ ਸ਼ਾਮਲ ਹਨ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਨਾਗਰਿਕਾਂ ਦੀ ਸਹੂਲਤ ਲਈ ਵਾਧੂ ਕਾਊਂਟਰ ਲਗਾਏ ਗਏ ਹਨ ਅਤੇ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੁੱਲ੍ਹਾ ਰਹੇਗਾ। ਇਸ ਤੋਂ ਇਲਾਵਾ, ਆਨਲਾਈਨ ਭੁਗਤਾਨ ਦੀ ਸਹੂਲਤ ਵੀ ਉਪਲਬਧ ਹੈ ਜਿਸ ਰਾਹੀਂ ਲੋਕ ਘਰ ਬੈਠੇ ਹੀ ਆਪਣਾ ਟੈਕਸ ਭਰ ਸਕਦੇ ਹਨ। ਜਿਨ੍ਹਾਂ ਨੂੰ ਤਕਨੀਕੀ ਜਾਣਕਾਰੀ ਨਹੀਂ ਹੈ, ਉਨ੍ਹਾਂ ਲਈ ਸਹਾਇਤਾ ਡੈਸਕ ਵੀ ਸਥਾਪਤ ਕੀਤੇ ਗਏ ਹਨ। ਮੇਅਰ ਨੇ ਅਖੀਰ ਵਿੱਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 31 ਅਗਸਤ ਤੋਂ ਪਹਿਲਾਂ ਹੀ ਆਪਣਾ ਪ੍ਰਾਪਰਟੀ ਟੈਕਸ ਜ਼ਰੂਰ ਭਰਨ, ਕਿਉਂਕਿ ਇਸ ਤੋਂ ਬਾਅਦ ਜੁਰਮਾਨ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਵਿਕਾਸ ਲਈ ਹਰੇਕ ਨਾਗਰਿਕ ਦਾ ਯੋਗਦਾਨ ਬਹੁਤ ਜ਼ਰੂਰੀ ਹੈ।