ਗੁਰੂ ਤੇਗ ਬਹਾਦਰ ਦੇ ਜੀਵਨ ਤੇ ਸ਼ਹੀਦੀ ਬਾਰੇ ਪੇਪਰ ਪੜ੍ਹੇ
ਪੰਜਾਬੀ ਯੂਨੀਵਰਸਿਟੀ ਵਿਖੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ 56ਵੀਂ’ ਪੰਜਾਬ ਹਿਸਟਰੀ ਕਾਨਫਰੰਸ’ ਦੇ ਦੂਜੇ ਦਿਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਰਾਜਸਥਾਨ ਦੇ 100 ਤੋਂ ਵੀ ਵੱਧ ਡੈਲੀਗੇਟਸ ਨੇ ਸ਼ਿਰਕਤ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਇਸ ਕਾਨਫ਼ਰੰਸ ਦੇ ਦੂਜੇ ਦਿਨ ਅੱਜ ਚਾਰ ਸਮਾਨਾਂਤਰ ਅਕਾਦਮਿਕ ਸੈਸ਼ਨ ਚੱਲੇ। ਪ੍ਰਾਚੀਨ, ਮੱਧਕਾਲੀ, ਆਧੁਨਿਕ ਅਤੇ ਪੰਜਾਬੀ ਸੈਸ਼ਨਾਂ ਵਿੱਚ ਪ੍ਰਸਿੱਧ ਇਤਿਹਾਸਕਾਰਾਂ, ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸ਼ਹੀਦੀ ਅਤੇ ਇਸ ਦਾ ਸੰਸਾਰਿਕ ਪੱਧਰ ’ਤੇ ਪ੍ਰਭਾਵ ਬਾਰੇ ਪੇਪਰ ਪੇਸ਼ ਕੀਤੇ ਗਏ
ਚਾਰੇ ਸੈਸ਼ਨਾਂ ਦੀ ਪ੍ਰਧਾਨਗੀ ਨਾਮਵਰ ਇਤਿਹਾਸਕਾਰਾਂ ਨੇ ਕੀਤੀ। ਪ੍ਰਾਚੀਨ ਭਾਰਤ ਸੈੈਕਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਅਰੁਨ ਕੁਮਾਰ ਸਿੰਘ (ਸਾਬਕਾ ਪ੍ਰੋ. ਹਿਮਾਚਲ ਪ੍ਰਦੇਸ਼ ਯੂਨੀਵਰਸਿਟ ਸ਼ਿਮਲਾ) ਨੇ ਮੱਧਕਾਲੀ ਭਾਰਤ ਸੈਕਸ਼ਨ ਦੀ ਪ੍ਰਧਾਨਗੀ ਡਾ. ਜਸਪਾਲ ਕੌਰ ਕੰਗ (ਸਾਬਕਾ ਪ੍ਰੋ: ਗੁਰੂ ਨਾਨਕ ਸਿੱਖ ਸਟੱਡੀ ਵਿਭਾਗ ਚੰਡੀਗੜ੍ਹ) ਨੇ ਕੀਤੀ। ਜਦਕਿ ਮਾਡਰਨ ਸੈਕਸ਼ਨ ਦੀ ਪ੍ਰਧਾਨਗੀ ਡਾ. ਅਮਨਦੀਪ ਕੌਰ ਬੱਲ (ਜੀਐਨਡੀਯੂ ਅੰਮ੍ਰਿਤਸਰ) ਅਤੇ ਪੰਜਾਬੀ ਸੈਕਸ਼ਨ ਦੀ ਪ੍ਰਧਾਨਗੀ ਜੀ ਐੱਨ ਡੀ ਯੂ ਦੇ ਪ੍ਰੋਫ਼ੈਸਰ ਜਸਵਿੰਦਰ ਕੌਰ ਨੇ ਕੀਤੀ। ਇਨ੍ਹਾਂ ਸ਼ੈਕਸਨਾਂ ਵਿਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹੀਦੀ ਨਾਲ ਸਬੰਧਤ 50 ਦੇ ਕਰੀਬ ਪੇਪਰ ਪੜ੍ਹੇ ਗਏ।
