ਰਣਜੋਧ ਹਡਾਣਾ ਨੇ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ
ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ਸਨੌਰ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਅੱਜ ਸਨੌਰ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਦੇ ਨੀਂਹ ਪੱਥਰ ਰੱਖੇ ਗਏ।
ਉਨ੍ਹਾਂ ਦੱਸਿਆ ਕਿ ਚਾਰ ਪਿੰਡਾਂ ਦੀਆਂ 7.02 ਕਿਲੋਮੀਟਰ ਸੜਕਾਂ ’ਤੇ 2 ਕਰੋੜ ਰੁਪਏ ਤੋਂ ਵੀ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ ਤੇ ਸਮੁੱਚੇ ਵਿਧਾਨ ਸਭਾ ਹਲਕਾ ਸਨੌਰ ਦੀ ਵਿਕਾਸ ਕਾਰਜਾਂ ਦੇ ਪੱਖ ਤੋਂ ਨੁਹਾਰ ਬਦਲਣ ਦੀ ਗੱਲ ਵੀ ਆਖੀ। ਰਣਜੋਧ ਹਡਾਣਾ ਦਾ ਕਹਿਣਾ ਸੀ ਜਿਥੇ ਇਹ ਸੜਕਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਨਵਿਆਈਆਂ ਜਾ ਰਹੀਆਂ ਹਨ, ਉਥੇ ਹੀ ਖੁਸ਼ਕਿਸਮਤੀ ਨਾਲ ਇਨ੍ਹਾਂ ਉਪਰ ਦੌੜਨ ਵਾਲ਼ੀਆਂ ਬੱਸਾਂ ਦੇ ਸਟੇਰਿੰਗ ਵੀ ਸਨੌਰ ਹਲਕਾ ਵਾਸੀਆਂ ਦੇ ਹੱਥ ’ਚ ਹੀ ਹਨ।
ਇਸ ਕਰਕੇ ਖੇਤਰ ਵਿੱਚ ਢੁੱਕਵੀਂ ਬੱਸ ਸਹੂਲਤ ਵੀ ਯਕੀਨੀ ਬਣਾਈ ਜਾਵੇਗੀ। ਬਹਾਦਰਗੜ੍ਹ ਸਰਕਲ ਦੇ ਪ੍ਰਧਾਨ ਸ਼ੇਖਪੁਰਾ ਨੇ ਦੱਸਿਆ ਕਿ ਇਸ ਦੌਰਾਨ ਸ੍ਰੀ ਹਡਾਣਾ ਵੱਲੋਂ ਧਰੇੜੀ ਜੱਟਾਂ, ਚਮਾਰਹੇੜੀ, ਦੌਣਕਲਾਂ ਅਤੇ ਸ਼ੰਕਰਪੁਰ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਦੇ ਨਵਿਆਉਣ ਦੇ ਕੰਮ ਸ਼ਾਮਲ ਹਨ। ਇਸ ਮੌਕੇ ਹਲਕਾ ਸਨੌਰ ਦੇ ਸਾਰੇ ਬਲਾਕ ਪ੍ਰਧਾਨ, ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਚੇਅਰਮੈਨ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸੜਕਾਂ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਨੌਰ ਵਿੱਚ ਵਿਕਾਸ ਕਾਰਜ ਵੱਡੇ ਪੱਧਰ ’ਤੇ ਜਾਰੀ ਹਨ।
