ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਰੇਲਵੇ ਪੁਲੀਸ ਚੌਕਸ
ਸਰਬਜੀਤ ਭੰਗੂ
ਪਟਿਆਲਾ, 11 ਅਗਸਤ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਦੇ ਪੱਖ ਤੋਂ ਰੇਲਵੇ ਪੁਲੀਸ ਨੇ ਚੌਕਸੀ ਵਧਾਈ ਹੋਈ ਹੈ। ਇਸ ਦੇ ਚੱਲਦਿਆਂ ਰੇਲਵੇ ਪੁਲੀਸ ਦੇ ਪਟਿਆਲਾ ਸਥਿਤ ਥਾਣੇ ਦੇ ਐੱਸਐੱਚਓ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਜਿੱਥੇ ਸਟੇਸ਼ਨ ’ਤੇ ਸਵਾਰੀਆਂ ਦੀ ਛਾਣਬੀਣ ਕੀਤੀ ਗਈ, ਉੱਥੇ ਹੀ ਸ਼ੱਕੀ ਵਸਤਾਂ ਅਤੇ ਹੋਰ ਹੋਰ ਸਾਮਾਨ ਵੀ ਚੈੱਕ ਕੀਤਾ ਗਿਆ। ਇਸ ਤੋਂ ਇਲਾਵਾ ਪੁਲੀਸ ਫੋਰਸ ਨੇ ਕੁਝ ਰੇਲ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਿਸ ਦੌਰਾਨ ਫੋਰਸ ਨੇ ਰੇਲ ਗੱਡੀਆਂ ਵੀ ਯਾਤਰੂਆਂ ਦੇ ਸਾਮਾਨ ਸਮੇਤ ਗੱਡੀ ਦੇ ਡੱਬਿਆਂ ਦੀ ਤਲਾਸ਼ੀ ਲਈ ਤਾਂ ਜੋ ਮਾੜੇ ਅਨਸਾਰ ਕਿਸੇ ਤਰ੍ਹਾਂ ਦੀ ਕੋਈ ਧਮਾਕਾਖੇਜ਼ ਵਸਤੂ ਨਾ ਰੱਖ ਜਾਣ।
ਥਾਣਾ ਮੁਖੀ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਤਲਾਸ਼ੀ ਮੁਹਿੰਮ 15 ਅਗਸਤ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਤੋਂ ਆਈ ਦਾਦਰ ਐਕਸਪ੍ਰੈੱਸ ਗੱਡੀ ਦੀ ਵੀ ਤਲਾਸ਼ੀ ਲਈ ਗਈ। ਇਸ ਸਬੰਧੀ ਯਾਤਰੂਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਅਜਿਹੀ ਤਲਾਸ਼ੀ ਮੁਹਿੰਮ ਆਜ਼ਾਦੀ ਦਿਵਸ ਸਬੰਧੀ ਸਮਾਗਮਾਂ ਦੇ ਚੱਲਦਿਆਂ ਸੁਰੱਖਿਆ ਵਜੋਂ ਇਹਤਿਆਤ ਵਜੋਂ ਚਲਾਈ ਜਾ ਰਹੀ ਹੈ।