ਸੜਕ ਬਣਾਉਣ ਲਈ ਵਰਤੇ ਸਾਮਾਨ ’ਤੇ ਸਵਾਲ ਉੱਠੇ
ਪੰਜਾਬ ਮੰਡੀ ਬੋਰਡ ਵਿਭਾਗ ਵੱਲੋਂ ਦੇਵੀਗੜ੍ਹ-ਜੁਲਕਾਂ ਰੋਡ ਤੋਂ ਚੂਹੰਟ ਵਾਇਆ ਕਛਵੀ ਤੋਂ ਗੁਰਦੁਆਰਾ ਮਗਰ ਸਾਹਿਬ ਤੱਕ ਕਰੀਬ ਸੱਤ ਕਿਲੋ ਮੀਟਰ ਲਿੰਕ ਸੜਕ ਦੀ ਖਾਸ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸੜਕ ਦੇ ਨਿਰਮਾਣ ਦਾ ਟੈਂਡਰ ਡੇਢ ਕਰੋੜ ਵਿੱਚ ਹੋਇਆ ਹੈ। ਸੜਕ ਨੂੰ ਨਵਾਂ ਤਿਆਰ ਕਰਨ ਵਿੱਚ ਜਿੱਥੇ ਪੁਰਾਣੀਆਂ ਅਤੇ ਟੁੱਟੀਆਂ ਇੱਟਾਂ ਦਾ ਵੱਡੇ ਪੱਧਰ ’ਤੇ ਇਸਤੇਮਾਲ ਕੀਤਾ ਜਾ ਰਿਹਾ ਹੈ, ਉੱਥੇ ਸੜਕ ਉੱਤੇ ਵਰਤਿਆ ਜਾ ਰਿਹਾ ਪੱਥਰ ਵੀ ਮਾੜੇ ਦਰਜੇ ਦਾ ਹੈ। ਸੜਕ ਉੱਤੇ ਵੱਡੀ ਮਾਤਰਾ ਵਿੱਚ ਗੋਲ ਅਤੇ ਕੱਚਾ ਪੱਥਰ ਪਾਇਆ ਗਿਆ ਹੈ। ਪੱਥਰ ਨੂੰ ਰੋਕਣ ਲਈ ਲਗਾਈ ਗਈ ਰੋਕ ਵੀ ਸਹੀ ਨਹੀਂ ਹੈ। ਮਾਹਿਰਾਂ ਮੁਤਾਬਕ ਗੋਲ ਪੱਥਰ ਪੱਕੜ ਨਹੀਂ ਕਰਦਾ ਅਤੇ ਕੱਚਾ ਪੱਥਰ ਤਿੜਕ ਜਾਣ ਕਾਰਨ ਸੜਕਾਂ ਜਲਦੀ ਟੁੱਟ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸੜਕ ਉੱਤੇ ਮਾੜੇ ਦਰਜੇ ਦਾ ਪੱਥਰ ਪਾਇਆ ਗਿਆ ਸੀ, ਜਿਸ ਕਾਰਨ ਧਾਰਮਿਕ ਸਥਾਨ ਨੂੰ ਜੋੜਨ ਵਾਲੀ ਇਹ ਸੜਕ ਥੋੜੇ ਸਮੇਂ ਅੰਦਰ ਹੀ ਟੁੱਟਣੀ ਸ਼ੁਰੂ ਹੋ ਗਈ ਸੀ। ਟੁੱਟੀ ਸੜਕ ਨੂੰ ਪਿੰਡ ਨਿਵਾਸੀਆਂ ਵੱਲੋਂ ਆਪ ਮੁਹਾਰੇ ਉਗਰਾਹੀ ਕਰਕੇ ਦੋ ਵਾਰੀ ਰਿਪੇਅਰ ਕੀਤਾ ਗਿਆ ਸੀ। ਸਥਾਨਕ ਲੋਕ ਸੜਕ ਉੱਤੇ ਵਰਤੇ ਜਾ ਰਹੇ ਮਾੜੇ ਦਰਜੇ ਦੇ ਮਟੀਰੀਅਲ ਦੀ ਜਾਂਚ ਕਰਨ ਦੀ ਮੰਗ ਕਰ ਰਹੇ ਹਨ।
ਸੜਕ ਲਈ ਵਰਤੇ ਸਾਮਾਨ ਦੀ ਜਾਂਚ ਕਰਾਂਗੇ: ਐੱਸ ਡੀ ਓ
ਪੰਜਾਬ ਮੰਡੀ ਬੋਰਡ ਦੇ ਐੱਸ ਡੀ ਓ ਯਾਤੀ ਸ਼ਰਮਾ ਨੇ ਕਿਹਾ ਕਿ ਸੜਕ ਉੱਤੇ ਨੀਲਾ ਪੱਥਰ ਵਰਤਿਆ ਜਾਂਦਾ ਹੈ। ਠੇਕੇਦਾਰ ਵੱਲੋਂ ਜੇ ਸੜਕ ਉੱਤੇ ਮਾੜਾ ਮਟੀਰੀਅਲ ਵਰਤਿਆ ਗਿਆ ਹੈ ਤਾਂ ਇਸ ਦੀ ਜਾਂਚ ਕਰਾਂਗੇ।
ਜਿਹੜਾ ਪੱਥਰ ਮਿਲਿਆ, ਪਾ ਦਿੱਤਾ: ਠੇਕੇਦਾਰ
ਸੜਕ ਉੱਤੇ ਵਰਤੇ ਗਏ ਪੱਥਰ ਸਬੰਧੀ ਵਿਸ਼ਵਾਸ ਕੰਪਨੀ ਦੇ ਠੇਕੇਦਾਰ ਦਾ ਕਹਿਣਾ ਹੈ ਕਿ ਪੱਥਰ ਨਹੀਂ ਮਿਲ ਰਿਹਾ। ਸੜਕ ਜਲਦੀ ਬਣਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਜਿਹੜਾ ਪੱਥਰ ਮਿਲਿਆ ਉਹ ਪਾ ਰਹੇ ਹਾਂ। ਪੁਰਾਣੀਆਂ ਇੱਟਾਂ ਹਟਾ ਕੇ ਨਵੀਂ ਲਗਵਾ ਦੇਵਾਂਗੇ।
